ਅੰਮ੍ਰਿਤਸਰ, 25 ਸਤੰਬਰ | ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਦੇ ਤੇਜ ਨਗਰ ਇਲਾਕੇ ਦਾ ਹੈ, ਜਿਥੇ ਕਿ ਇਕ ਕੁੜਮ ਵਲੋਂ ਆਪਣੇ ਹੀ ਕੁੜਮ ਅਤੇ ਉਸ ਦੇ 17 ਸਾਲ ਦੇ ਬੇਟੇ ਦੇ ਗੋਲੀਆਂ ਮਾਰਨ ਦਾ ਸਮਾਚਾਰ ਮਿਲਿਆ, ਜਿਸ ‘ਚ ਜ਼ਖਮੀ ਹੋਏ ਦੋਵੇਂ ਪਿਓ-ਪੁੱਤ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਸੰਬਧੀ ਮੌਕੇ ‘ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਤੇਜ ਨਗਰ ਇਲਾਕੇ ‘ਚ ਸੰਧੂ ਬਿਲਡਰ ਨਾਮਕ ਵਿਅਕਤੀ ਵਲੋਂ ਆਪਣੇ ਹੀ ਕੁੜਮ ਦਲਜੀਤ ਤੇ ਉਸ ਦੇ ਬੇਟੇ ਗੁਰਪ੍ਰੀਤ ਉਰਫ ਮੋਹਿਤ ਦੇ ਗੋਲੀਆਂ ਮਾਰੀਆਂ ਗਈਆਂ ਹਨ। ਫਿਲਹਾਲ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ, ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੀੜਤ ਦੇ ਭਰਾ ਗੁਰਜੀਤ ਨੇ ਦੱਸਿਆ ਕਿ ਸਾਡੇ ਭਰਾ ਨੇ ਆਪਣੀ ਬੇਟੀ ਸੰਧੂ ਦੇ ਘਰ ਛੇ ਮਹੀਨੇ ਪਹਿਲਾਂ ਵਿਆਹੀ ਸੀ ਤੇ ਅੱਜ ਪਰਿਵਾਰਕ ਤੌਰ ‘ਤੇ ਬੈਠੇ ਹਨ ਪਰ ਅਚਾਨਕ ਸੰਧੂ ਬਿਲਡਰ ਵਲੋਂ ਉਨ੍ਹਾਂ ਦੇ ਭਰਾ ਦਲਜੀਤ ਅਤੇ ਉਸ ਦੇ ਬੇਟੇ ਗੁਰਪ੍ਰੀਤ ਉਰਫ ਮੋਹਿਤ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਸਾਡੇ ਭਰਾ ਵਲੋਂ ਲੜਕੀ ਦੇ ਘਰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਗਈ ਪਰ ਫਿਰ ਵੀ ਆਪਣੇ ਰਸੂਖ ਦੇ ਚਲਦੇ ਕੁੜਮ ਵਲੋਂ ਮੇਰੇ ਭਰਾ ਤੇ ਭਤੀਜੇ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ, ਜਿਸ ਸੰਬਧੀ ਸਾਡੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ ।