ਅੰਮ੍ਰਿਤਸਰ | ਜ਼ਿਲ੍ਹੇ ਦੇ ਇਕ ਪਿੰਡ ‘ਚ ਵੈਲਡਿੰਗ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਬੱਚੇ ਨਾਲ ਕੀਤੀ ਮਸ਼ਕਰੀ ਉਸ ਦੀ ਜ਼ਿੰਦਗੀ ‘ਤੇ ਭਾਰੀ ਪੈ ਗਈ। ਦੱਸ ਦਈਏ ਕਿ ਇੱਕ 11 ਸਾਲਾ ਬੱਚੇ ਦੇ ਸਰੀਰ ਵਿੱਚ ਹਵਾ ਭਰਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਸ ਮਗਰੋਂ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਰਾਮਦਾਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਸਾਈਕਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਸਖ਼ਤ ਮਿਹਨਤ ਕਰਦਾ ਹੈ ਅਤੇ ਪਰਿਵਾਰ ਚਲਾਉਂਦਾ ਹੈ। ਚਾਰ ਸਾਲਾਂ ਤੋਂ ਉਸਦੀ ਪਤਨੀ ਪੇਕੇ ਘਰ ਰਹਿ ਰਹੀ ਹੈ। ਉਹ ਆਪਣੀ ਮਾਂ ਅਤੇ ਬੇਟੇ ਨਾਲ ਰਹਿੰਦਾ ਹੈ। ਉਸ ਦਾ ਲੜਕਾ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਪਰ ਲੌਕਡਾਊਨ ਕਰਕੇ ਤਿੰਨ ਮਹੀਨੇ ਪਹਿਲਾਂ ਉਸਨੇ ਆਪਣੇ ਬੇਟੇ ਨੂੰ ਪਿੰਡ ਤੋਂ ਬਾਹਰ ਵੈਲਡਿੰਗ ਦੀ ਦੁਕਾਨ ‘ਤੇ ਕੰਮ ‘ਤੇ ਲਾ ਦਿੱਤਾ। ਜਿਸ ਦੇ ਨਾਲ ਹੀ ਇੱਕ ਸਾਈਕਲ ਪੰਚਰ ਦੀ ਦੁਕਾਨ ਹੈ। ਉੱਥੇ ਕੰਮ ਕਰਨ ਵਾਲੇ 17 ਸਾਲਾ ਲੜਕਾ ਅਕਸਰ ਉਸ ਦੇ ਬੇਟੇ ਨਾਲ ਬਦਸਲੂਕੀ ਕਰਦਾ ਸੀ।
ਉਨ੍ਹਾਂ ਆਪਣੀ ਸ਼ਿਕਾਇਤ ‘ਚ ਅੱਗੇ ਕਿਹਾ ਕਿ ਸ਼ੁੱਕਰਵਾਰ ਨੂੰ ਦੋਸ਼ੀ ਨੇ ਉਨ੍ਹਾਂ ਦੇ ਬੇਟੇ ਨੂੰ ਆਪਣੀ ਦੁਕਾਨ ‘ਤੇ ਬੁਲਾਇਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਨਾਲ ਉਨ੍ਹਾਂ ਦੇ ਬੇਟੇ ਦਾ ਟਿੱਢ ਫਟ ਗਿਆ। ਜਿਸ ਤੋਂ ਬਾਅਦ ਪੀੜਤ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਬੱਚੇ ਦੀ ਮੌਤ ਹੋ ਗਈ।
ਪੁਲਿਸ ਨੇ ਸਾਈਕਲ ਪੰਚਚਰ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਨਾਬਾਲਗ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਰਾਮਦਾਸ ਦੇ ਇੰਚਾਰਜ ਮਨਤੇਜ ਸਿੰਘ ਨੇ ਦੱਸਿਆ ਕਿ ਨਾਬਾਲਗ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੋਸਟ ਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਉਸਦੇ ਰਿਸ਼ਤੇਦਾਰ ਦੇ ਹਵਾਲੇ ਕਰ ਦਿੱਤੀ ਗਈ ਹੈ।