ਚੰਡੀਗੜ੍ਹ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਦੀ ਮੀਟਿੰਗ ‘ਚ ਲਏ ਅਹਿਮ ਫੈਸਲੇ ਬਾਰੇ ਦੱਸਿਆ ਕਿ 2 ਕਿਲੋਵਾਟ ਤੱਕ ਦੇ ਖਪਤਕਾਰਾਂ ਦੇ ਪਿਛਲੇ ਸਾਰੇ ਬਕਾਏ ਸਰਕਾਰ ਭਰੇਗੀ।
ਉਨ੍ਹਾਂ ਨੇ ਬਿੱਲ ਨਾ ਭਰਨ ਦੀ ਸੂਰਤ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ, ਦੇ ਕੁਨੈਕਸ਼ਨ ਬਹਾਲ ਕਰਨ ਦਾ ਵੀ ਐਲਾਨ ਕੀਤਾ ਤੇ ਦੱਸਿਆ ਕਿ ਕੁਨੈਕਸ਼ਨ ਬਹਾਲੀ ਦੀ ਪੂਰੀ ਫੀਸ ਵੀ ਸਰਕਾਰ ਅਦਾ ਕਰੇਗੀ।
ਦੱਸ ਦੇਈਏ ਕਿ ਪੰਜਾਬ ਦੇ 80 ਫੀਸਦੀ ਪਰਿਵਾਰ 2 ਕਿਲੋਵਾਟ ਤੱਕ ਬਿਜਲੀ ਦੀ ਖਪਤ ਕਰਦੇ ਹਨ, ਜਿਨ੍ਹਾਂ ਦੀ ਗਿਣਤੀ 55 ਲੱਖ ਦੇ ਕਰੀਬ ਹੈ। ਸਰਕਾਰ ਦੇ ਇਸ ਫੈਸਲੇ ਨਾਲ ਇਨ੍ਹਾਂ ਪਰਿਵਾਰਾਂ ਨੂੰ ਸਹੂਲਤ ਮਿਲੇਗੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਗੱਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਨੂੰ ਫੋਨ ਕਰਕੇ ਗੱਲਬਾਤ ਲਈ ਬੁਲਾਇਆ ਹੈ।
ਰੇਤ ਮਾਫੀਆ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਹੁਤ ਜਲਦ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ, ਜਿਸ ਨਾਲ ਰੇਤ ਮਾਫੀਆ ਦਾ ਜੜ੍ਹ ਤੋਂ ਸਫਾਇਆ ਹੋ ਜਾਵੇਗਾ।