ਤਰਨਤਾਰਨ (ਬਲਜੀਤ ਸਿੰਘ) | ਨੌਜਵਾਨਾਂ ਵਿੱਚ ਅੱਜ-ਕੱਲ ਫੁਕਰੀ ਮਾਰਨ ਦਾ ਇੰਨਾ ਕ੍ਰੇਜ਼ ਵੱਧ ਗਿਆ ਹੈ ਕਿ ਮਾੜੀ-ਮਾੜੀ ਗੱਲ ‘ਤੇ ਫਾਇਰਿੰਗ ਕਰ ਦਿੰਦੇ ਹਨ।
ਪਿੰਡ ਵਲਟੋਹਾ ਵਿਖੇ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਮਾੜੀ ਜਿਹੀ ਗੱਲ ਪਿੱਛੇ ਤਕਰਾਰ ਐਨੀ ਵੱਧ ਗਈ ਕਿ ਗੋਲੀ ਤੱਕ ਚੱਲ ਗਈ। ਗੋਲੀ ਚੱਲਣ ਕਾਰਨ ਇੱਕ ਜ਼ਖਮੀ ਹੋ ਗਿਆ ਅਤੇ ਦੂਜੇ ਨੂੰ ਸਿਰ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ। ਦੋਵੇਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਜ਼ਖ਼ਮੀ ਵਿਅਕਤੀ ਲਵਪ੍ਰੀਤ ਸਿੰਘ ਅਤੇ ਉਸ ਦੇ ਭਰਾ ਪ੍ਰਿੰਸ ਦਾ ਪਿੰਡ ਕਾਲੀਆ ਸਕੱਤਰੇ ਦੇ ਇੱਕ ਵਿਅਕਤੀ ਨਾਲ ਛੋਟਾ-ਮੋਟਾ ਝਗੜਾ ਹੋ ਗਿਆ। ਇਸ ਤੋਂ ਬਾਅਦ ਤਕਰਾਰ ਹੋਰ ਵੱਧ ਗਈ। ਇਸ ਝਗੜੇ ਦਾ ਲੋਕਾਂ ਨੇ ਰਾਜੀਨਾਮਾ ਕਰਵਾ ਦਿੱਤਾ ਸੀ ਜਿਸ ਤੋਂ ਬਾਅਦ ਫਿਰ ਮਾਮੂਲੀ ਝਗੜਾ ਹੋ ਗਿਆ।
ਇਸੇ ਝਗੜੇ ਨੂੰ ਲੈ ਕੇ ਅੱਜ ਫਿਰ ਝਗੜਾ ਹੋ ਗਿਆ। 6 ਰਾਊਂਡ ਫਾਈਰਿੰਗ ਵਿੱਚ ਇਕ ਗੋਲੀ ਲਵਪ੍ਰੀਤ ਸਿੰਘ ਦੇ ਸੱਜੇ ਪੱਟ ਵਿੱਚ ਜਾ ਲੱਗੀ। ਦੂਜੇ ਪਾਸੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲਵਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਜਸ਼ਨਦੀਪ ਸਿੰਘ ‘ਤੇ ਵੀ ਹਮਲਾ ਕੀਤਾ। ਇਸ ਵਿੱਚ ਲਵਪ੍ਰੀਤ ਸਿੰਘ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ।
ਥਾਣਾ ਵਲਟੋਹਾ ਦੇ ਐੱਸਐੱਚਓ ਨਰਿੰਦਰ ਸਿੰਘ ਨੇ 6 ਮੁੰਡਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)



































