ਲੁਧਿਆਣਾ ‘ਚ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਬਦਮਾਸ਼ਾਂ ਨੇ ਮੋਬਾਇਲ ਖੋਹਦਿਆਂ ਮੁੰਡੇ ਦੇ ਢਿੱਡ ‘ਚ ਮਾਰਿਆ ਚਾਕੂ

0
1384

ਲੁਧਿਆਣਾ | ਬਹਾਦਰਕੇ ਰੋਡ ਦੇ ਡਾਇੰਗ ਕੰਪਲੈਕਸ ਕੋਲ ਬੀਤੇ ਕੱਲ ਲੁੱਟ-ਖੋਹ ‘ਚ ਨਾਕਾਮ ਰਹਿਣ ‘ਤੇ ਐਕਟਿਵਾ ਸਵਾਰ 2 ਬਦਮਾਸ਼ਾਂ ਨੇ 17 ਸਾਲਾ ਮੁੰਡੇ ਦੇ ਢਿੱਡ ‘ਚ ਚਾਕੂ ਖੋਭ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ।

ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਪਿੰਡ ਭੱਟੀਆਂ ਦੀ ਗਗਨਦੀਪ ਕਾਲੋਨੀ ਦਾ ਸ਼ਿਵਮ ਯਾਦਵ ਸਵੇਰੇ ਸੈਰ ਕਰ ਰਿਹਾ ਸੀ। ਜ਼ਖਮੀ ਹਾਲਤ ‘ਚ ਸ਼ਿਵਮ ਨੂੰ ਇਲਾਜ ਲਈ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸਲੇਮ ਟਾਬਰੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਵਮ ਦੇ ਪਿਤਾ ਅਸ਼ੋਕ ਯਾਦਵ ਨੇ ਦੱਸਿਆ ਕਿ ਉਸ ਦਾ ਬੇਟਾ 11ਵੀਂ ‘ਚ ਪੜ੍ਹਦਾ ਹੈ। ਸਵੇਰੇ ਕਰੀਬ 7 ਵਜੇ ਉਹ ਸੈਰ ਕਰਨ ਗਿਆ ਸੀ। ਰਾਹ ‘ਚ ਐਕਟਿਵਾ ਸਵਾਰ 2 ਲੁਟੇਰਿਆਂ ਨੇ ਲੁੱਟ-ਖੋਹ ਦੀ ਨੀਅਤ ਨਾਲ ਉਸ ਨੂੰ ਘੇਰ ਲਿਆ ਅਤੇ ਚਾਕੂ ਦੀ ਨੋਕ ‘ਤੇ ਉਸ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਸ਼ਿਵਮ ਉਨ੍ਹਾਂ ਨਾਲ ਭਿੜ ਪਿਆ ਤੇ ਉਨ੍ਹਾਂ ਦਾ ਮੁਕਾਬਲਾ ਕੀਤਾ।

ਅਸ਼ੋਕ ਨੇ ਦੱਸਿਆ ਕਿ ਇਸ ਦੌਰਾਨ ਸ਼ਿਵਮ ਕਿਸੇ ਤਰ੍ਹਾਂ ਲੁਟੇਰਿਆਂ ਦੇ ਚੁੰਗਲ ‘ਚੋਂ ਨਿਕਲਿਆ ਤੇ ਉਸ ਨੇ ਭੱਜ ਕੇ ਇਕ ਫੈਕਟਰੀ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਕੀਕੀ ਪਰ ਬਦਕਿਸਮਤੀ ਨਾਲ ਉਸ ਦਾ ਪੈਰ ਤਿਲਕ ਗਿਆ ਤੇ ਉਹ ਡਿੱਗ ਗਿਆ, ਜਿਸ ਦਾ ਫਾਇਦਾ ਚੁੱਕ ਕੇ ਬਦਮਾਸ਼ਾਂ ਨੇ ਉਸ ਨੂੰ ਫਿਰ ਘੇਰ ਲਿਆ ਪਰ ਫਿਰ ਵੀ ਸ਼ਿਵਮ ਨੇ ਮੋਬਾਇਲ ਨਹੀਂ ਛੱਡਿਆ ਤਾਂ ਬੌਖਲਾਏ ਬਦਮਾਸ਼ਾਂ ਨੇ ਉਸ ਦੇ ਢਿੱਡ ‘ਚ ਚਾਕੂ ਖੋਭ ਦਿੱਤਾ ਤੇ ਮੌਕੇ ਤੋਂ ਭੱਜ ਗਏ।

ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਸ਼ਿਵਮ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਨੂੰ ਦੇਖਦਿਆਂ ਸੀਐੱਮਸੀ ਰੈਫਰ ਕਰ ਦਿੱਤਾ ਗਿਆ।

ਥਾਣਾ ਮੁਖੀ ਇੰਸਪੈਕਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਸ਼ਿਵਮ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ। ਡਾਕਟਰਾਂ ਨੇ ਉਸ ਨੂੰ ਅਨਫਿੱਟ ਐਲਾਨਿਆ ਹੈ। ਇਸ ਲਈ ਉਸ ਦੇ ਪਿਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)