ਅਹਿਮ ਖਬਰ : ਬੁੜੈਲ ਜੇਲ ਦੀਆਂ ਮਹਿਲਾ ਕੈਦੀਆਂ ‘ਤੇ ਸੀਸੀਟੀਵੀ ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਜ਼ਰ

0
429
ਚੰਡੀਗੜ੍ਹ, 30 ਅਕਤੂਬਰ|  ਬੁੜੈਲ ਜੇਲ ਵਿਚ ਹੁਣ ਪੁਰਸ਼ ਕੈਦੀਆਂ ਤੋਂ ਇਲਾਵਾ ਮਹਿਲਾ ਕੈਦੀਆਂ ’ਤੇ ਵੀ ਪੁਲਿਸ ਤਿੱਖੀ ਨਜ਼ਰ ਰੱਖੇਗੀ। ਮਹਿਲਾ ਕੈਦੀਆਂ ਦੀਆਂ ਬੈਰਕਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਨਾਲ ਜੇਲ ਪ੍ਰਸ਼ਾਸਨ ਨੂੰ ਮਹਿਲਾ ਕੈਦੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਵੱਲੋਂ ਮੋਬਾਈਲ ਜਾਂ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਵਰਤੋਂ ਬਾਰੇ ਤੁਰੰਤ ਪਤਾ ਲੱਗ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾ ਸਕੇਗੀ।

ਪੁਰਸ਼ ਕੈਦੀਆਂ ਦੀਆਂ ਬੈਰਕਾਂ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਹੁਣ ਮਹਿਲਾ ਕੈਦੀਆਂ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖਦਿਆਂ ਬੈਰਕਾਂ ਦੇ ਬਾਹਰ ਵੀ ਕੈਮਰੇ ਲਗਾਏ ਜਾਣਗੇ। ਇਸ ਦਾ ਕੰਟਰੋਲ ਰੂਮ ਵੀ ਇਕ ਮਹਿਲਾ ਕਾਂਸਟੇਬਲ ਦੁਆਰਾ ਸੰਭਾਲਿਆ ਜਾਵੇਗਾ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਇਕ ਮਹਿਲਾ ਕੈਦੀ ਨੇ ਬੈਰਕ ਵਿੱਚ ਇੱਕ ਮਹਿਲਾ ਵਾਰਡਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ।

ਇਸ ਦੇ ਨਾਲ ਹੀ ਇਸ ਮਹੀਨੇ ਇਕ ਮਹਿਲਾ ਕੈਦੀ ਕੋਲੋਂ ਇਕ ਮੋਬਾਈਲ ਫ਼ੋਨ ਅਤੇ ਚਾਰਜਰ ਮਿਲਿਆ ਹੈ। ਜਦੋਂਕਿ ਪੁਰਸ਼ ਬੈਰਕਾਂ ਦੀ ਗਿਣਤੀ 17 ਹੈ ਅਤੇ ਇਨ੍ਹਾਂ ਵਿਚ ਸਜ਼ਾਯਾਫ਼ਤਾ ਅਤੇ ਅੰਡਰ ਟਰਾਇਲ ਕੈਦੀਆਂ ਦੀ ਗਿਣਤੀ 1120 ਹੈ। ਜੇਲ ਵਾਰਡਨ ਨੂੰ ਬਾਡੀ ਵਰਨ ਕੈਮਰੇ ਵੀ ਦਿੱਤੇ ਜਾਣਗੇ ਜਿਸ ਵਿਚ ਆਡੀਓ ਅਤੇ ਵੀਡੀਓ ਹੋਣਗੇ। ਇਨ੍ਹਾਂ ਵਿਚ ਕੈਦੀਆਂ ਦੀ ਕੋਈ ਵੀ ਗਲਤ ਹਰਕਤ ਫੜੀ ਜਾਵੇਗੀ। ਇਸ ਦੇ ਨਾਲ ਹੀ ਜੇਕਰ ਵਾਰਡਨ ਕੈਦੀਆਂ ਨਾਲ ਦੁਰਵਿਵਹਾਰ ਕਰਦਾ ਹੈ ਜਾਂ ਰਿਸ਼ਵਤ ਆਦਿ ਮੰਗਦਾ ਹੈ ਤਾਂ ਉਹ ਵੀ ਕੈਮਰੇ ਵਿਚ ਕੈਦ ਹੋ ਜਾਵੇਗਾ। ਇਹ ਕੈਮਰੇ ਸਟਾਫ਼ ਦੇ ਮੋਢਿਆਂ ਅਤੇ ਛਾਤੀ ‘ਤੇ ਲਗਾਏ ਜਾਣਗੇ।