ਅਹਿਮ ਖਬਰ : ਹਾਈ ਲੈਵਲ ਮੀਟਿੰਗ ਤੋਂ ਬਾਅਦ ਤੇਲ ਸਟਾਕ ‘ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ; ਦਿੱਤੇ ਇਹ ਹੁਕਮ

0
496

ਚੰਡੀਗੜ੍ਹ, 2 ਜਨਵਰੀ | CM ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਰਾਜ ‘ਚ ਡੀਜ਼ਲ ਤੇ ਪੈਟਰੋਲ ਦੀ ਵੰਡ ਦੀ ਨਿਗਰਾਨੀ ਕਰਨ ਲਈ ਸੀਨੀਅਰ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ।

ਮੀਟਿੰਗ ਤੋਂ ਬਾਅਦ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸੂਬੇ ਵਿਚ ਪੈਟਰੋਲ ਤੇ ਡੀਜ਼ਲ ਦਾ ਢੁਕਵਾਂ ਸਟਾਕ ਮੌਜੂਦ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲਗਭਗ 4100 ਕਿਲੋ ਲਿਟਰ ਪੈਟਰੋਲ ਦੀ ਖਪਤ ਦੇ ਮੁਕਾਬਲੇ ਸੂਬੇ ਭਰ ਦੇ ਵੱਖ-ਵੱਖ ਪੈਟਰੋਲ ਪੰਪਾਂ ‘ਤੇ ਪੈਟਰੋਲ ਦਾ ਸਟਾਕ ਲਗਭਗ 22 ਹਜ਼ਾਰ 600 ਕਿਲੋ ਲਿਟਰ ਹੈ ਅਤੇ ਇਸ ਨੂੰ ਸਮੇਂ-ਸਮੇਂ ‘ਤੇ ਭਰਿਆ ਜਾਵੇਗਾ।

ਇਸੇ ਤਰ੍ਹਾਂ ਸੂਬਾ ਰੋਜ਼ਾਨਾ 10000 KL ਡੀਜ਼ਲ ਦੀ ਖਪਤ ਕਰਦਾ ਹੈ ਤੇ ਇਸ ਸਮੇਂ ਫਿਲਿੰਗ ਸਟੇਸ਼ਨਾਂ ਕੋਲ ਸਟਾਕ 30 ਹਜ਼ਾਰ KL ਤੋਂ ਵੱਧ ਹੈ ਅਤੇ 90 ਹਜ਼ਾਰ KL ਵੀ ਵੱਖ-ਵੱਖ ਟਰਮੀਨਲਾਂ ‘ਤੇ ਉਪਲਬਧ ਹੈ। ਸਾਰੇ ਟਰਮੀਨਲ ਸਬੰਧਤ ਰਿਫਾਇਨਰੀਆਂ ਨਾਲ ਪਾਈਪ ਲਾਈਨ ਰਾਹੀਂ ਜੁੜੇ ਹੋਏ ਹਨ ਤੇ ਇਨ੍ਹਾਂ ਟਰਮੀਨਲਾਂ ਵਿਚ ਪੈਟਰੋਲੀਅਮ ਉਤਪਾਦਾਂ ਦਾ ਨਿਰਵਿਘਨ ਪ੍ਰਵਾਹ ਹੁੰਦਾ ਹੈ।

ਕੁਝ ਫਿਲਿੰਗ ਸਟੇਸ਼ਨਾਂ ‘ਚ ਪੈਟਰੋਲ/ਡੀਜ਼ਲ ਦੀ ਭਾਰੀ ਕਮੀ ਬਾਰੇ ਮੀਡੀਆ ਰਿਪੋਰਟਾਂ ‘ਤੇ ਟਿੱਪਣੀ ਕਰਦਿਆਂ ਗ੍ਰਹਿ ਸਕੱਤਰ ਨੇ ਕਿਹਾ ਕਿ ਕਿਸੇ ਵੀ ਸਮੇਂ ਸਾਰੇ ਫਿਲਿੰਗ ਸਟੇਸ਼ਨਾਂ ‘ਚ ਸਟਾਕ ਇਕਸਾਰ ਨਹੀਂ ਹੁੰਦਾ। ਕੁਝ ਫਿਲਿੰਗ ਸਟੇਸ਼ਨ ਜ਼ੀਰੋ ਪੱਧਰ ‘ਤੇ ਹੋ ਸਕਦਾ ਹੈ, ਬਾਕੀਆਂ ਕੋਲ ਪੂਰਾ ਸਟਾਕ ਹੋ ਸਕਦਾ ਹੈ। ਇਸ ਲਈ ਸੂਬੇ ‘ਚ ਕੁੱਲ ਸਟਾਕਾਂ ਦੀ ਸਥਿਤੀ ਨੂੰ ਦਰਸਾਉਣ ਲਈ ਕੁਝ ਫਿਲਿੰਗ ਸਟੇਸ਼ਨਾਂ ਦੀ ਸਟਾਕ ਸਥਿਤੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।

ਗ੍ਰਹਿ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾ ਕੇ ਖਰੀਦਦਾਰੀ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਉਹ ਠੰਡ ਦੇ ਮੌਸਮ ‘ਚ ਆਪਣੇ ਆਪ ਨੂੰ ਬੇਲੋੜੀ ਪਰੇਸ਼ਾਨੀ ਵਿਚ ਪਾ ਰਹੇ ਹਨ। ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਸੂਬੇ ਭਰ ‘ਚ ਪੈਟਰੋਲ ਅਤੇ ਡੀਜ਼ਲ ਦੇ ਟਰੱਕਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਨੂੰ ਹੜਤਾਲੀ ਟਰਾਂਸਪੋਰਟਰਾਂ ਦੇ ਵਰਗ ਨਾਲ ਮੀਟਿੰਗਾਂ ਕਰਨ ਲਈ ਵੀ ਕਿਹਾ ਗਿਆ ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਪੁਲਿਸ ਨੂੰ ਸੂਬੇ ਭਰ ਵਿਚ ਡੀਜ਼ਲ/ਪੈਟਰੋਲ ਦੀ ਨਿਰਵਿਘਨ ਆਵਾਜਾਈ ਅਤੇ ਵਿਕਰੀ ਨੂੰ ਯਕੀਨੀ ਬਣਾਉਣ ਲਈ ਚੌਕਸ ਰਹਿਣ ਲਈ ਵੀ ਕਿਹਾ ਗਿਆ ਹੈ।

ਮੀਟਿੰਗ ‘ਚ ਹਾਜ਼ਰ ਆਈਓਸੀ, ਬੀਪੀਸੀਐਲ ਤੇ ਐਚਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਨੇ ਸੂਬਾ ਸਰਕਾਰ ਨੂੰ ਭਰੋਸਾ ਦਿੱਤਾ ਕਿ ਉਹ ਪੈਟਰੋਲ, ਡੀਜ਼ਲ ਤੇ ਐਲਪੀਜੀ ਦੀ ਲੋੜੀਂਦੀ ਸਪਲਾਈ ਨੂੰ ਸੂਬੇ ‘ਚ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।