ਚੰਡੀਗੜ੍ਹ, 2 ਅਕਤੂਬਰ| ਪੰਜਾਬ ਵਿਚ ਪਾਕਿਸਤਾਨ ਤੋਂ ਡਰੋਨ ਘੁਸਪੈਠ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰੇਕ ਡਰੋਨ ਦੀ ਜਾਂਚ ਦੀ ਜ਼ਿੰਮੇਵਾਰੀ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਤੋਂ ਡਰੋਨ ਦੀ ਘੁਸਪੈਠ ਦੀ ਜਾਂਚ ਦੌਰਾਨ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ, ਗੈਂਗਸਟਰਾਂ ਅਤੇ ਸਮੱਗਲਰਾਂ ਦੇ ਗਠਜੋੜ ਦਾ ਖੁਲਾਸਾ ਹੋਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ।
ਇਸ ਸਬੰਧੀ ਠੋਸ ਸਬੂਤ ਮਿਲਣ ’ਤੇ ਇਨ੍ਹਾਂ ਨੂੰ ਕੌਮਾਂਤਰੀ ਮੰਚ ’ਤੇ ਪੇਸ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹੁਣ ਪਾਕਿਸਤਾਨ ਆਪਣੀ ਰਣਨੀਤੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਵੱਡੇ ਹਥਿਆਰਾਂ ਦੀ ਬਜਾਏ ਛੋਟੇ ਹਾਈ-ਟੈਕ ਚੀਨ ਅਤੇ ਯੂਰਪ ਦੇ ਬਣੇ ਹਥਿਆਰਾਂ ਦੀ ਸਪਲਾਈ ਕਰਕੇ ਵੱਡੇ ਅਪਰਾਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵੱਖ-ਵੱਖ ਏਜੰਸੀਆਂ ਦੀ ਸਾਂਝੀ ਮੀਟਿੰਗ ਵਿਚ ਹਰੇਕ ਡਰੋਨ ਦੀ ਐਨਆਈਏ ਜਾਂਚ ਦੀ ਯੋਜਨਾ ਤਿਆਰ ਕੀਤੀ ਗਈ। ਮੀਟਿੰਗ ਵਿਚ ਪੰਜਾਬ ਪੁਲਿਸ, ਬੀਐਸਐਫ, ਪੰਜਾਬ ਇੰਟੈਲੀਜੈਂਸ ਅਤੇ ਐਨਆਈਏ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।