ਨਾਭਾ | ਪਿੰਡ ਛੀਟਾਂਵਾਲਾ ਵਿਚ ਪਾਦਰੀ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਹਿੰਮਤਪੁਰਾ ਦੇ ਰਣਜੀਤ ਸਿੰਘ ਪਿੰਡ ਛੀਟਾਂਵਾਲਾ ਵਿਚ ਚਰਚ ਦੇ ਪਾਦਰੀ ਹਨ । ਬੀਤੀ ਰਾਤ ਕੁਝ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਮੋਟਰਸਾਈਕਲ ਤੋੜ ਦਿੱਤਾ।
ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ, ਜਿਨ੍ਹਾਂ ਦੀ ਜ਼ਮੀਨ ਚਰਚ ਨਾਲ ਲੱਗਦੀ ਹੈ, ਨੇ ਕੁੱਟਮਾਰ ਕੀਤੀ ਹੈ । ਰਣਜੀਤ ਸਿੰਘ ਮੁਤਾਬਕ ਉਸ ਨੂੰ ਚਰਚ ਬਣਾਉਣ ਤੋਂ ਰੋਕਣ ਲਈ ਇਹ ਹਮਲਾ ਕੀਤਾ ਗਿਆ ਹੈ। ਇਸ ਦੀ ਸ਼ਿਕਾਇਤ ਛੀਟਾਂਵਾਲਾ ਪੁਲਿਸ ਚੌਕੀ ਵਿਖੇ ਕਰ ਦਿੱਤੀ ਹੈ। ਉਨ੍ਹਾਂ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖ਼ਲ ਕਰਵਾਇਆ ਹੈ। ਇਸ ਦੌਰਾਨ ਈਸਾਈ ਸਮਾਜ ਦੇ ਆਗੂ ਸਿਵਲ ਹਸਪਤਾਲ ਨਾਭਾ ਵਿਚ ਪਹੁੰਚੇ, ਜਿਨ੍ਹਾਂ ਨੇ ਪੁਲਿਸ ਕੋਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਚਰਚ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ।
ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਮਾਮਲਾ ਧਾਰਮਿਕ ਹੈ, ਇਸ ਬਾਰੇ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਦੂਜੇ ਪਾਸੇ, ਥਾਣਾ ਸਦਰ ਪੁਲਿਸ ਨੇ ਛੀਟਾਂਵਾਲਾ ਦੇ 4 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।