ਔਰਤ ਨੇ ਨਾਜਾਇਜ਼ ਸਬੰਧ ਬਨਾਉਣ ਤੋਂ ਮਨਾ ਕੀਤਾ ਤਾਂ DSP ਬਣ ਕੇ ਚਿੱਟੇ ਦਾ ਪਰਚਾ ਪਾਉਣ ਦੀ ਦਿੱਤੀ ਧਮਕੀ

0
516

ਤਰਨਤਾਰਨ|ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਵਾਂ ਤਾਰਾ ਸਿੰਘ ਦੀ ਇਕ ਔਰਤ ਨੂੰ ਫੋਨ ਕਰ ਕੇ ਆਪਣੇ ਆਪ ਨੂੰ ਡੀ.ਐੱਸ.ਪੀ ਦੱਸ ਕੇ ਸਰੀਰਕ ਸਬੰਧ ਨਾ ਬਣਾਉਣ ‘ਤੇ ਔਰਤ ‘ਤੇ ਝੂਠਾ ਪਰਚਾ ਕਰਨ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਨਪ੍ਰੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਸਕੂਲ ਦੀ ਵੈਨ ਚਲਾਉਂਦਾ ਹੈ ਅਤੇ ਉਹ ਆਪ ਪ੍ਰਾਈਵੇਟ ਲੋਨ ਵਾਲੀ ਕੰਪਨੀ ਵਿੱਚ ਕੰਮ ਕਰਦੀ ਹੈ, ਜਿਸ ਦਾ ਸੈਂਟਰ ਉਸ ਦੇ ਘਰ ਵਿਚ ਹੀ ਬਣਿਆ ਹੈ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਸਾਰਾ ਹੀ ਪਰਿਵਾਰ ਅੰਮ੍ਰਿਤਧਾਰੀ ਹੈ। ਉਹ ਆਪਣੇ ਪਤੀ ਨਾਲ ਘਰ ਵਿੱਚ ਬੈਠੀ ਸੀ ਕਿ ਅਚਾਨਕ ਉਸ ਦੇ ਫ਼ੋਨ ‘ਤੇ ਇਕ ਫੋਨ ਆਇਆ, ਜਿਸ ਵਿੱਚ ਪਿੰਡ ਦਾ ਹੀ ਇੱਕ ਵਿਅਕਤੀ ਆਪਣੇ ਆਪ ਨੂੰ ਡੀ.ਐੱਸ.ਪੀ ਦੱਸ ਰਿਹਾ ਸੀ, ਜਿਸ ਦੀ ਉਸ ਨੇ ਆਵਾਜ਼ ਪਛਾਣ ਲਈ। ਉਕਤ ਫੋਨ ਕਰਤਾ ਵਿਅਕਤੀ ਪਿੰਡ ਦੇ ਹੀ ਕਿਸੇ ਵਿਅਕਤੀ ‘ਤੇ ਹੋਏ ਪਰਚੇ ਸਬੰਧੀ ਉਸ ਨਾਲ ਲਿੰਕ ਦੱਸ ਕੇ ਉਸ ਨੂੰ ਬਲੈਕਮੇਲ ਕਰਨ ਲੱਗਾ ਕਿ ਜੇ ਤੂੰ ਮੇਰੇ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਤੇਰੇ ਉੱਪਰ ਵੀ ਪਰਚਾ ਦਰਜ ਕਰ ਦੇਵਾਂਗਾ, ਜਿਸ ਦੀ ਸਾਰੀ ਕਾਲ ਰਿਕਾਰਡਿੰਗ ਉਸ ਦੇ ਕੋਲ ਹੈ।ਫੋਨ ਕਰਤਾ ਵੱਲੋਂ ਗੱਲ ਕਰਨ ਤੋਂ ਬਾਅਦ ਜਦ ਫੋਨ ਕੱਟਿਆ ਗਿਆ ਤਾਂ ਉਨ੍ਹਾਂ ਦਾ ਸ਼ੱਕ ਪਿੰਡ ਦੇ ਹੀ ਵਿਅਕਤੀ ਨਿਸ਼ਾਨ ਸਿੰਘ ‘ਤੇ ਗਿਆ, ਜਿਸ ਨੂੰ ਉਨ੍ਹਾਂ ਰੰਗੇ ਹੱਥੀਂ ਇਕ ਦੁਕਾਨ ਉੱਪਰ ਵਾਪਸ ਫੋਨ ਕਰਦੇ ਕੋਏ ਕਾਬੂ ਕਰ ਲਿਆ।

ਜਦ ਅਸੀਂ ਨਿਸ਼ਾਨ ਸਿੰਘ ਨੂੰ ਇੱਦਾ ਕਰਨ ਬਾਰੇ ਪੁੱਛਿਆ ਤਾਂ ਨਿਸ਼ਾਨ ਸਿੰਘ ਨੇ ਮੰਨਿਆ ਕਿ ਮੈਨੂੰ ਇਹ ਨੰਬਰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਗੁਰਜੰਟ ਸਿੰਘ ਨੇ ਦਿੱਤਾ ਹੈ। ਉਸ ਦੇ ਕਹਿਣ ‘ਤੇ ਹੀ ਮੈਂ ਇਹ ਗਲਤੀ ਕਰ ਬੈਠਾ ਹਾਂ। ਮਨਪ੍ਰੀਤ ਨੇ ਕਿਹਾ ਕਿ ਗੁਰਜੰਟ ਸਿੰਘ ਨੂੰ ਵੀ ਅਸੀਂ ਤਾੜ ਕੇ ਪੁੱਛਿਆ ਦਾ ਗੁਰਜੰਟ ਸਿੰਘ ਨੇ ਫੋਨ ਕਰ ਕੇ ਉਸ ਕੋਲੋਂ ਮੁਆਫ਼ੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਕਾਲ ਰਿਕਾਰਡਿੰਗ ਉਸ ਦੇ ਕੋਲ ਹੈ। ਉਸ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਇਕ ਦਰਖਾਸਤ ਥਾਣਾ ਖਾਲੜਾ ਵਿਖੇ ਦਿੱਤੀ ਹੈ ਪਰ ਥਾਣਾ ਖਾਲੜਾ ਪੁਲਿਸ ਵੱਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ।

ਪੀੜਤ ਔਰਤ ਨੇ ਇਨਸਾਫ਼ ਨਾ ਮਿਲਣ ‘ਤੇ ਖੁਦਕੁਸ਼ੀ ਕਰਨ ਦੀ ਦਿੱਤੀ ਧਮਕੀ

ਪੀੜਤ ਔਰਤ ਨੇ ਕਿਹਾ ਕਿ ਉਸ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਇਸ ਗੱਲ ਨਾਲ ਸਾਰੇ ਪਿੰਡ ਵਿੱਚ ਉਸ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਹੈ ਪਰ ਥਾਣਾ ਖਾਲੜਾ ਕੋਈ ਵੀ ਕਾਰਵਾਈ ਨਹੀਂ ਕਰ ਰਹੇ, ਜਿਸ ਕਰਕੇ ਉਸ ਨੇ ਮਨ ਬਣਾਇਆ ਹੈ ਕਿ ਜੇ ਥਾਣਾ ਖਾਲੜਾ ਪੁਲਿਸ ਵੱਲੋਂ ਉਸ ਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਥਾਣਾ ਖਾਲੜਾ ਦੇ ਸਾਹਮਣੇ ਜ਼ਹਿਰੀਲੀ ਦਵਾਈ ਪੀ ਕੇ ਸਾਰਾ ਪਰਿਵਾਰ ਮਰ ਜਾਵੇਗਾ, ਜਿਸ ਦੀ ਜ਼ਿੰਮੇਵਾਰ ਥਾਣਾ ਖਾਲੜਾ ਪੁਲੀਸ ਹੋਵੇਗੀ। ਉਨ੍ਹਾਂ ਜ਼ਿਲਾ ਤਰਨਤਾਰਨ ਦੇ ਐੱਸਐੱਸਪੀ ਅਤੇ ਡੀਐਸਪੀ ਭਿੱਖੀਵਿੰਡ ਪਾਸੋਂ ਮੰਗ ਕੀਤੀ ਕਿ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਧਮਕੀਆਂ ਦੇਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਫੋਨ ਕਰਨ ਵਾਲੇ ਵਿਅਕਤੀ ਨਿਸ਼ਾਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ ‘ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਉਸ ਨੇ ਕਿਸੇ ਨੂੰ ਵੀ ਕੋਈ ਫੋਨ ਨਹੀਂ ਕੀਤਾ ਅਤੇ ਨਾ ਹੀ ਉਸ ਨੇ ਕਿਸੇ ਨੂੰ ਡੀਐੱਸਪੀ ਬਣ ਕੇ ਕੋਈ ਧਮਕੀ ਦਿੱਤੀ ਹੈ, ਨਾ ਹੀ ਮੈਂ ਕਿਸੇ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਹੈ। ਮਨਪ੍ਰੀਤ ਕੌਰ ਸਾਡੇ ਨਾਲ ਲਾਗ ਡਾਟ ਰੱਖਦੀ ਹੈ, ਜਿਸ ਕਰਕੇ ਉਹ ਮੇਰੇ ‘ਤੇ ਗ਼ਲਤ ਇਲਜ਼ਾਮ ਲਾ ਰਹੀ ਹੈ।

ਇਸ ਸਬੰਧੀ ਦੂਜੇ ਵਿਅਕਤੀ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਵੀ ਆਪਣੇ ‘ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਮਨਪ੍ਰੀਤ ਕੌਰ ਉਸ ਦੀ ਚਾਚੀ ਹੈ ਅਤੇ ਉਹ ਫਾਈਨੈਂਸ ਦਾ ਕੰਮ ਕਰਦੀ ਹੈ, ਜਿਸ ਕਰਕੇ ਉਹ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਅਤੇ ਚਾਚੇ ਨੂੰ ਇਹ ਗੱਲ ਪਸੰਦ ਨਹੀਂ ਸੀ। ਉਸ ਨੇ ਮੈਨੂੰ ਘਰ ਆਉਣ ਤੋਂ ਮਨ੍ਹਾ ਕੀਤਾ ਸੀ ਪਰ ਹੁਣ ਮੇਰੇ ‘ਤੇ ਗ਼ਲਤ ਫੋਨ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹਨ

ਇਸ ਸਬੰਧੀ ਥਾਣਾ ਖਾਲੜਾ ਦੇ ਐੱਸ ਐੱਚ ਓ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਔਰਤ ਨੂੰ ਬਣਦਾ ਇਨਸਾਫ ਦਿਵਾਇਆ ਜਾਵੇਗਾ ।