ਸਮੇਂ ਸਿਰ ਧਰਤੀ ਹੇਠਲਾ ਪਾਣੀ ਨਾ ਸਾਂਭਿਆ ਤਾਂ ਸੂਬੇ ਦੀ ਹੋਂਦ ਲਈ ਪੈਦਾ ਹੋ ਜਾਵੇਗਾ ਖਤਰਾ : ਸੰਤ ਸੀਚੇਵਾਲ

0
249

ਜਲੰਧਰ| ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਜੇਕਰ ਵੇਲੇ ਸਿਰ ਧਰਤੀ ਹੇਠਲੇ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਸੂਬੇ ਦੀ ਹੋਂਦ ਲਈ ਸੰਕਟ ਖੜ੍ਹਾ ਹੋ ਜਾਵੇਗਾ। ਉਨ੍ਹਾਂ ਨੇ ਕੇਂਦਰੀ ਭੂ-ਜਲ ਬੋਰਡ ਦੀ 5 ਸਾਲ ਪਹਿਲਾਂ ਆਈ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ 2039 ਤੱਕ ਪਾਣੀ 1000 ਫੁੱਟ ਡੂੰਘਾ ਚਲਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਵਰਤਣ ਦੀ ਅਪੀਲ ਕਰਦਿਆਂ ਸਾਫ਼ ਸੁਥਰੇ ਵਾਤਾਵਰਨ ਲਈ ਬੂਟੇ ਲਾਉਣ ਦਾ ਸੱਦਾ ਵੀ ਦਿੱਤਾ।

ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਸ਼ਨੀਵਾਰ ਨੂੰ ਉਕਤ ਪ੍ਰਗਟਾਵਾ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਿਖੇ ਸੰਤ ਲੀਡਰ ਸਿੰਘ ਦੀ ਅਗਵਾਈ ਹੇਠ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਬੂਟਿਆਂ ਦਾ ਪ੍ਰਸ਼ਾਦ ਵੰਡਦਿਆਂ ਕੀਤਾ। ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਤੋਂ ਬੂਟਿਆਂ ਦੀ ਭਰੀ ਟਰਾਲੀ ਲਿਆਂਦੀ ਗਈ ਸੀ, ਜਿਹੜੇ ਸੰਗਤ ਨੂੰ ਵੰਡੇ ਗਏ।

ਸੀਚੇਵਾਲ ਨੇ ਕਿਹਾ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਇਸੇ ਦੌਰਾਨ ਵੱਡੀ ਗਿਣਤੀ ਵਿੱਚ ਬੂਟੇ ਲਾਏ ਜਾਣ ਤਾਂ ਜੋ ਪੰਜਾਬ ਦੇ ਗੰਧਲੇ ਹੋ ਚੁੱਕੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ। ਉਨ੍ਹਾਂ ਨੇ ਸੰਗਤ ਦੇ ਨਾਲ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਿਸਤ ਦੁਆਬ ਵਿਚ ਪਾਣੀ ਟੇਲਾਂ ਤੱਕ ਪਹੁੰਚ ਰਿਹਾ ਹੈ। ਇਸ ਲਈ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਧ ਤੋਂ ਵੱਧ ਨਹਿਰੀ ਪਾਣੀ ਫਸਲਾਂ ਲਈ ਵਰਤਿਆ ਜਾਵੇ।


ਰਾਜ ਸਭਾ ਮੈਂਬਰ ਨੇ ‘ਪਾਣੀਆਂ ਦੇ ਵਾਰਸਾਂ’ ਨੂੰ ਹਲੂਣਾ ਦਿੰਦਿਆ ਕਿਹਾ ਕਿ ਜੇਕਰ ਹੁਣ ਪਾਣੀ ਨਾ ਸਾਂਭੇ ਤਾਂ ਸੂਬੇ ਦੀ ਹੋਂਦ ਦਾ ਸੰਕਟ ਖੜ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ ਤੇ ਪਸ਼ੂ, ਪੰਛੀਆਂ ਤੇ ਬਨਸਪਤੀ ਦੇ ਹਿੱਸੇ ਦਾ ਇਹ ਪਾਣੀ ਕਿਸੇ ਨੂੰ ਵੀ ਗੰਧਲਾ ਕਰਨ ਦਾ ਹੱਕ ਨਹੀ ਦਿੱਤਾ ਜਾਵੇਗਾ। ਸੰਤ ਸੀਚੇਵਾਲ ਨੇ ਸੰਗਤ ਨੂੰ ਬੂਟੇ ਲਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਵੀ ਕੀਤੀ। ਸਮਾਗਮ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ ਵੀ ਹਾਜ਼ਰ ਸਨ।