ਕਾਰ ‘ਚ ਬਿਨਾਂ ਮਾਸਕ ਇਕੱਲੇ ਬੈਠੇ ਵਿਅਕਤੀ ਦਾ ਵੀ ਹੋਵੇਗਾ ਚਾਲਾਨ – ਨਰੇਸ਼ ਡੋਗਰਾ, ਡੀਸੀਪੀ ਟ੍ਰੈਫ਼ਿਕ

0
11848

ਗੁਰਪ੍ਰੀਤ ਡੈਨੀ | ਜਲੰਧਰ

ਕਾਰ ਵਿਚ ਜੇਕਰ ਤੁਸੀਂ ਇਕੱਲੇ ਜਾ ਰਹੇ ਹੋ ਤਾਂ ਵੀ ਮਾਸਕ ਪਾਉਣਾ ਲਾਜ਼ਮੀ ਹੈ। ਨਹੀਂ ਤਾਂ ਜਲੰਧਰ ਪੁਲਿਸ ਤੁਹਾਡਾ ਚਾਲਾਨ ਕਰੇਗੀ। ਇਹ ਚਾਲਾਨ ਸਿਹਤ ਵਿਭਾਗ ਦੀ ਗਾਇਡਲਾਇੰਸ ਮੁਤਾਬਿਕ ਨਹੀਂ ਸਗੋਂ ਪੰਜਾਬ ਪੁਲਿਸ ਦੀ ਗਾਇਡਲਾਇੰਸ ਮੁਤਾਬਿਕ ਹੋਵੇਗਾ।

ਜਲੰਧਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਟ੍ਰੈਫਿਕ ਨਰੇਸ਼ ਡੋਗਰਾ ਨੇ ਪੰਜਾਬੀ ਬੁਲੇਟਿਨ ਨਾਲ ਗੱਲਬਾਤ ਦੌਰਾਨ ਸਾਫ ਕੀਤਾ ਕਿ ਇਹ ਚਾਲਾਨ ਮਾਸਕ ਨਾ ਪਾਉਣ ਦਾ ਹੋਵੇਗਾ। ਡੋਗਰਾ ਨੇ ਕਿਹਾ- ਪੰਜਾਬ ਸਰਕਾਰ ਨੇ ਹਰੇਕ ਬੰਦੇ ‘ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ, ਭਾਵੇਂ ਉਹ ਪੈਦਲ ਹੋਵੇ, ਬਾਇਕ ਤੇ ਜਾਂ ਕਾਰ ਵਿੱਚ।

ਡੀਸੀਪੀ ਡੋਗਰਾ ਨੇ ਅੱਗੇ ਦੱਸਿਆ- ਕਾਰ ਵਿੱਚ ਤਿੰਨ ਵਿਅਕਤੀਆਂ ਨੂੰ ਜਾਣ ਦੀ ਇਜਾਜਤ ਹੈ। ਤਿੰਨਾਂ ਨੇ ਕਾਨੂੰਨ ਮੁਤਾਬਿਕ ਮਾਸਕ ਪਾਇਆ ਹੋਣਾ ਚਾਹੀਦਾ ਹੈ। ਜੇਕਰ ਕੋਈ ਇਕੱਲਾ ਵੀ ਕਾਰ ਚਲਾ ਰਿਹਾ ਹੈ ਤਾਂ ਉਸ ‘ਤੇ ਮਾਸਕ ਵਾਲਾ ਕਾਨੂੰਨ ਤਾਂ ਲਾਗੂ ਹੁੰਦਾ ਹੀ ਹੈ। ਇਸ ਲਈ ਚਾਲਾਨ ਹੁੰਦੇ ਹਨ।

ਡੀਸੀਪੀ ਨੇ ਕਿਹਾ- ਮੋਟਰ ਸਾਇਕਲ ਉੱਤੇ ਦੋ ਸਵਾਰੀਆਂ, ਬੱਸ ਵਿੱਚ ਡਰਾਇਵਰ ਸਮੇਤ 30 ਵਿਅਕਤੀ ਸਫ਼ਰ ਕਰ ਸਕਦੇ ਹਨ। ਜੇਕਰ ਉਹਨਾਂ ਵਿਚੋਂ ਕਿਸੇ ਇਕ ਦੇ ਵੀ ਮਾਸਕ ਨਾ ਹੋਇਆ ਤਾਂ ਬੱਸ ਦਾ ਚਲਾਨ ਹੋਵੇਗਾ। ਉਹਨਾਂ ਕਿਹਾ ਇਹ ਲੋਕਾਂ ਦੀ ਸੰਭਾਲ ਲਈ ਪ੍ਰਸ਼ਾਸਨ ਵਲੋਂ ਕੀਤੇ ਗਏ ਉਪਰਾਲੇ ਹਨ। ਕੋਰੋਨਾ ਇਕ ਅਜਿਹੀ ਬਿਮਾਰੀ ਹੈ ਜੋ ਇਕ ਦੂਜੇ ਦੇ ਨੇੜੇ ਹੋਣ ਨਾਲ ਫੈਲਦੀ ਹੈ।

ਨਰੇਸ਼ ਡੋਗਰਾ ਨੇ ਕਿਹਾ- ਪੁਲਿਸ ਲੋਕਾਂ ਦੀ ਰੱਖਿਆ ਲਈ ਚਲਾਨ ਕਰ ਰਹੀ ਹੈ। ਮੁਲਾਜ਼ਮਾਂ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕੋਈ ਪੁਲਿਸ ਮੁਲਾਜ਼ਮ ਕੋਰੋਨਾ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੇ ਨਾਲ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਨੂੰ 15 ਦਿਨ ਲਈ ਕੁਆਰਟਾਇੰਨ ਕਰ ਰਹੇ ਹਾਂ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)