ਅੰਮ੍ਰਿਤਸਰ | ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੁੱਪ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਧੂੰਆਂਧਾਰ ਸਿਆਸੀ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਸੰਬੰਧਾਂ ‘ਤੇ ਖੁੱਲ੍ਹ ਕੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕੋਈ ਵੀ ਤਾਇਨਾਤੀ ਤੋਹਫ਼ਿਆਂ ਤੇ ਪੈਸੇ ਤੋਂ ਬਿਨਾਂ ਨਹੀਂ ਹੋਈ। ਇਹ ਸਭ ਅਰੂਸਾ ਆਲਮ ਨੂੰ ਦਿੱਤਾ ਜਾਂਦਾ ਸੀ। ਉਸ ਸਮੇਂ ਅਰੂਸਾ ਆਲਮ ਪੰਜਾਬ ‘ਚ ਮੁੱਖ ਮੰਤਰੀ ਨਹੀਂ ਸਗੋਂ ਸੁਪਰ ਸੀਐੱਮ ਵਜੋਂ ਕੰਮ ਕਰ ਰਹੀ ਸੀ।
ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਸਲਾਹ ਦਿੱਤੀ ਕਿ ਅਰੂਸਾ ਪੰਜਾਬ ਦਾ ਪੈਸਾ ਲੈ ਕੇ ਇੰਗਲੈਂਡ ਤੇ ਦੁਬਈ ਚਲੀ ਗਈ ਹੈ, ਉਹ ਵੀ ਉਥੇ ਜਾ ਕੇ ਐਸ਼ ਕਰਨ। ਅਜਿਹਾ ਨਾ ਹੋਵੇ ਕਿ ਅਰੂਸਾ ਸਾਰਾ ਪੈਸਾ ਬਰਬਾਦ ਕਰ ਦੇਵੇ।
ਨਵਜੋਤ ਕੌਰ ਨੇ ਕਿਹਾ ਕਿ ਮੈਨੂੰ ਪਤਾ ਸੀ, ਇਸੇ ਲਈ ਮੈਂ ਆਪਣੇ ਪਤੀ ਨਵਜੋਤ ਸਿੱਧੂ ਨੂੰ ਅਰੂਸਾ ਦੇ ਨੇੜੇ ਨਹੀਂ ਜਾਣ ਦਿੱਤਾ। ਇਸੇ ਕਾਰਨ ਅਮਰਿੰਦਰ ਉਸ ਨਾਲ ਨਾਰਾਜ਼ ਹੋ ਗਿਆ। ਅਕਾਲੀ ਵੀ ਅਰੂਸਾ ਨੂੰ ਹੀਰਿਆਂ ਦੇ ਸੈੱਟ ਨਾਲ ਮਿਲਦੇ ਰਹੇ ਹਨ।
ਅਰੂਸਾ ਤੇ ਚਾਹਲ ਕਰਦੇ ਸਨ ਪੋਸਟਿੰਗ
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਮਰਿੰਦਰ ਦੇ ਮੁੱਖ ਮੰਤਰੀ ਹੁੰਦਿਆਂ ਅਰੂਸਾ ਨੂੰ ਬ੍ਰੀਫਕੇਸ ਤੇ ਤੋਹਫੇ ਤੋਂ ਬਿਨਾਂ ਕੋਈ ਪੋਸਟਿੰਗ ਨਹੀਂ ਕੀਤੀ ਗਈ। ਉਸ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਪੋਸਟਿੰਗ ਅਰੂਸਾ ਕਰਦੀ ਸੀ, ਜਦੋਂ ਕਿ ਜੂਨੀਅਰ ਦੀ ਕੈਪਟਨ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕਰਦੇ ਸਨ। ਹੁਣ ਇਹ ਇੱਕ ਓਪਨ ਸੀਕ੍ਰੇਟ ਹੈ। ਨਵਜੋਤ ਨੇ ਕਿਹਾ ਕਿ ਕੈਪਟਨ ਅਰੂਸਾ ਦੇ ਪਿੱਛੇ ਜਾਣ, ਅਜਿਹਾ ਨਾ ਹੋਵੇ ਕਿ ਉਹ ਪੈਸੇ ਲੈ ਕੇ ਗਾਇਬ ਹੋ ਜਾਵੇ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੂਸਾ ਆਲਮ ਦੇ ISI ਕੁਨੈਕਸ਼ਨ ਦੇ ਆਰੋਪ ‘ਤੇ ਸੋਨੀਆ ਗਾਂਧੀ ਨਾਲ ਦੀ ਸ਼ੇਅਰ ਕੀਤੀ ਗਈ ਫੋਟੋ ਬਾਰੇ ਨਵਜੋਤ ਕੌਰ ਨੇ ਦੱਸਿਆ ਕਿ ਇਹ ਫੋਟੋ ਉਦੋਂ ਲਈ ਗਈ ਸੀ, ਜਦੋਂ ਅਰੂਸਾ ਸਿਰਫ ਇੱਕ ਪੱਤਰਕਾਰ ਸੀ, ਉਦੋਂ ਉਹ ਸੋਨੀਆ ਗਾਂਧੀ ਨੂੰ ਮਿਲੀ ਸੀ।
