ਪਾਣੀਪਤ: ਹਰਿਆਣਾ ਦੇ ਪਾਣੀਪਤ ‘ਚ NH-44 ‘ਤੇ ਸਥਿਤ PIET ਕਾਲਜ ‘ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕਾਲਜ ਦੀ ਇਕ ਵਿਦਿਆਰਥਣ ਸ਼ੱਕੀ ਹਾਲਾਤਾਂ ਵਿਚ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗ ਗਈ। ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਗਾਰਡ ਤੁਰੰਤ ਮੌਕੇ ‘ਤੇ ਪਹੁੰਚ ਗਏ, ਸੂਚਨਾ ਮਿਲਦੇ ਹੀ ਕਾਲਜ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਵਿਦਿਆਰਥਣ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਸਮਾਲਖਾ ਥਾਣਾ ਇੰਚਾਰਜ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ। ਉਹਨਾਂ ਮਾਮਲੇ ਦੀ ਹਰ ਪਹਿਲੂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਜਾਨਵੀ ਪਾਣੀਪਤ ਦੀ ਰਹਿਣ ਵਾਲੀ ਹੈ। ਉਹ ਪਾਈਟ ਕਾਲਜ ਵਿਚ ਕੰਪਿਊਟਰ ਸਾਇੰਸ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ। ਵੀਰਵਾਰ ਦੁਪਹਿਰ ਨੂੰ ਉਹ ਕਾਲਜ ਬਲਾਕ ਦੀ ਚੌਥੀ ਮੰਜ਼ਿਲ ‘ਤੇ ਚਲੀ ਗਈ। ਉਥੋਂ ਹੇਠਾਂ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਦੀ ਮੁੱਢਲੀ ਜਾਂਚ ਵਿਚ ਖੁਦਕੁਸ਼ੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਵਿਦਿਆਰਥੀ ਦੀ ਉਮਰ ਕਰੀਬ 19 ਸਾਲ ਹੈ।
ਮਾਮਲੇ ਦੀ ਜਾਂਚ ਕਰ ਰਹੇ ਚੌਕੀ ਇੰਚਾਰਜ ਏਐਸਆਈ ਰਾਣਾ ਪ੍ਰਤਾਪ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਵਿਦਿਆਰਥਣ ਕੋਲੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਇਕ ਪੰਨੇ ਦੇ ਇਸ ਸੁਸਾਈਡ ਨੋਟ ਵਿਚ ਵਿਦਿਆਰਥਣ ਨੇ ਮੁੱਖ ਤੌਰ ‘ਤੇ ਪੜ੍ਹਾਈ ਨਾ ਕਰ ਸਕਣ ਕਾਰਨ ਖ਼ੁਦਕੁਸ਼ੀ ਕਰਨ ਦਾ ਸਖ਼ਤ ਕਦਮ ਚੁੱਕਣ ਦਾ ਜ਼ਿਕਰ ਕੀਤਾ ਹੈ। ਪੰਨੇ ਦੇ ਇਕ ਕੋਨੇ ‘ਤੇ ਲਿਖਿਆ ਹੈ ‘I QUIT’।
ਜਦਕਿ ਦੂਜੇ ਕੋਨੇ ‘ਤੇ ‘ਆਈ ਲਵ ਯੂ ਮੰਮੀ-ਪਾਪਾ’ ਲਿਖਿਆ ਹੋਇਆ ਹੈ। ਵਿਦਿਆਰਥਣ ਨੇ ਲਿਖਿਆ ਹੈ ਕਿ ਮੈਨੂੰ ਮੁਆਫ਼ ਕਰਨਾ ਮੰਮੀ-ਪਾਪਾ। ਮੈਂ ਇੰਜੀਨੀਅਰ ਨਹੀਂ ਬਣ ਸਕਦੀ। ਮੈਂ ਪੜ੍ਹਾਈ ਕਰਨ ਦੇ ਯੋਗ ਨਹੀਂ ਹਾਂ। ਮੈਂ ਬਹੁਤ ਦਬਾਅ ਵਿਚ ਹਾਂ, ਇਸ ਲਈ ਮੈਂ ਖੁਦਕੁਸ਼ੀ ਕਰ ਰਹੀ ਹਾਂ।