ਹੁਸ਼ਿਆਰਪੁਰ : ਕੈਨੇਡਾ ਤੋਂ ਹਫਤਾ ਪਹਿਲਾਂ ਆਏ ਮਾਂ-ਪੁੱਤ ਦੀ ਸੜਕ ਹਾਦਸੇ ‘ਚ ਮੌਤ, ਸੜਕ ‘ਤੇ ਕਾਫੀ ਦੇਰ ਤੜਫਦੇ ਰਹੇ ਦੋਵੇਂ, ਪਰ ਨਹੀਂ ਆਈ ਐਂਬੂਲੈਂਸ

0
2123

ਹੁਸ਼ਿਆਰਪੁਰ, 27 ਦਸੰਬਰ| ਹੁਸ਼ਿਆਰਪੁਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਹਫਤਾ ਪਹਿਲਾ ਹੀ ਕੈਨੇਡਾ ਤੋਂ ਆਏ ਮਾਂ-ਪੁੱਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ’ਚ ਇਕ ਹੋਰ ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋਇਆ ਹੈ ਜਿਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਡਾਕਟਰਾਂ ਵੱਲੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ਤੇ ਮੋਟਰਸਾਈਕਲ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਐਕਟਿਵਾ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਮ੍ਰਿਤਕਾਂ ਦੀ ਪਹਿਚਾਣ ਪੁੱਤ ਰੁਨਿਸ਼ ਰੰਧਾਵਾ ਪੁੱਤਰ ਰੁਪਮ ਰੰਧਾਵਾ ਅਤੇ ਮਾਂ ਨਿਸ਼ਾ ਰੰਧਾਵਾ ਪਤਨੀ ਰੁਪਮ ਰੰਧਾਵਾ ਵਜੋਂ ਹੋਈ ਹੈ।  ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਮੁੰਡਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੇ ਕਾਫੀ ਸਮੇਂ ਤੱਕ ਐਂਬੂਲੈਂਸ ਮੌਕੇ ’ਤੇ ਨਹੀਂ ਪਹੁੰਚੀ, ਜੇਕਰ ਐਂਬੂਲੈਂਸ ਮੌਕੇ ’ਤੇ ਪਹੁੰਚ ਜਾਂਦੀ ਤਾਂ ਹੋ ਸਕਦਾ ਸੀ ਕਿਸੇ ਦੀ ਜਾਨ ਬਚ ਜਾਂਦੀ।

ਕਾਫ਼ੀ ਸਮਾਂ ਬਾਅਦ ਜਦੋਂ ਮਾਂ-ਪੁੱਤ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਮਾਂ-ਪੁੱਤ ਨੂੰ ਮ੍ਰਿਤਕ ਕਰਾਰ ਦੇ ਦਿਤਾ। ਗੰਭੀਰ ਜ਼ਖ਼ਮੀ ਲੜਕੇ ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ, ਨੂੰ ਇਲਾਜ ਲਈ ਪੀਜੀਆਈ ਭੇਜ ਦਿੱਤਾ। ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਂ ਪੁੱਤ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।