ਪਤਨੀ ‘ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਹੋਣ ‘ਤੇ ਪਤੀ ਨੇ ਬੱਚਿਆਂ ਨੂੰ ਮਾਰ ਕੇ ਵੀਡੀਓ ਰਿਸ਼ਤੇਦਾਰਾਂ ਨੂੰ ਭੇਜੀ, ਫਿਰ ਕੀਤੀ ਖੁਦਕੁਸ਼ੀ

0
1114

ਤਾਮਿਲਨਾਡੂ | ਤਾਮਿਲਨਾਡੂ ਦੇ ਸਲੇਮ ਇਲਾਕੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਦੋਂ ਪਤੀ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਦੇ ਬਾਹਰ ਕਿਸੇ ਨਾਲ ਸਬੰਧ ਹਨ ਤਾਂ ਉਸ ਨੇ ਪਹਿਲਾਂ ਆਪਣੇ 2 ਬੱਚਿਆਂ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਬੱਚਿਆਂ ਨੂੰ ਮਾਰਨ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਵੀਡੀਓ ਵੀ ਬਣਾਈ ਸੀ ਅਤੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

ਪੁਲਿਸ ਅਨੁਸਾਰ 33 ਸਾਲਾ ਮੁਰੂਗਨ ਦਾ ਵਿਆਹ ਮੁਰੂਗੇਸ਼ਵਰੀ ਨਾਲ ਹੋਇਆ ਸੀ। ਉਨ੍ਹਾਂ ਦੇ 2 ਬੱਚੇ ਸਨ। ਲੜਕਾ 9 ਸਾਲ ਦਾ ਤੇ ਲੜਕੀ 5 ਸਾਲ ਦੀ। ਪਿਛਲੇ 10 ਸਾਲਾਂ ਤੋਂ ਮੁਰੂਗਨ ਇਕ ਢਾਬੇ ‘ਤੇ ਕੰਮ ਕਰਦਾ ਸੀ। ਉਸ ਦਾ ਘਰ ਢਾਬੇ ਦੇ ਨੇੜੇ ਹੀ ਸੀ।

ਪੁਲਿਸ ਅਨੁਸਾਰ, ”ਮੁਰੂਗਨ ਨੂੰ ਪਿਛਲੇ ਦਿਨੀਂ ਕੰਮ ਕਰਦੇ ਸਮੇਂ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਕਰੀਬ 10 ਦਿਨਾਂ ਤੋਂ ਘਰ ‘ਚ ਹੀ ਰਹਿ ਰਿਹਾ ਸੀ। ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਲਈ ਕਿਹਾ। ਇਸ ਦੌਰਾਨ ਉਸ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਨਾਲ ਅਫੇਅਰ ਹੈ। ਇਸ ਤੋਂ ਬਾਅਦ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।”

ਅੰਗਰੇਜ਼ੀ ਅਖ਼ਬਾਰ ਹਿੰਦੂ ਅਨੁਸਾਰ, ”ਮੁਰੂਗਨ ਸ਼ਨੀਵਾਰ ਸ਼ਾਮ ਨੂੰ ਬੱਚਿਆਂ ਨਾਲ ਘਰੋਂ ਬਾਹਰ ਚਲਾ ਗਿਆ ਪਰ ਸ਼ਾਮ ਨੂੰ ਵਾਪਸ ਨਹੀਂ ਪਰਤਿਆ। ਕੁਝ ਘੰਟਿਆਂ ਬਾਅਦ ਉਸ ਨੇ ਆਪਣੀ ਪਤਨੀ ਮੁਰੂਗੇਸ਼ਵਰੀ ਤੇ ਹੋਰ ਰਿਸ਼ਤੇਦਾਰਾਂ ਨੂੰ ਇਕ ਵੀਡੀਓ ਮੈਸੇਜ ਭੇਜਿਆ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਸਨ। ਦਰਅਸਲ ਇਸ ਵੀਡੀਓ ਵਿੱਚ ਉਸ ਦੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਸਨ।”

ਪੁਲਿਸ ਨੇ ਕਿਹਾ ਕਿ ਮੁਰੂਗਨ ਨੇ ਕਥਿਤ ਤੌਰ ‘ਤੇ ਵੀਡੀਓ ਮੈਸੇਜ ਭੇਜਣ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਮੁਰੂਗੇਸ਼ਵਰੀ ਤੇ ਢਾਬਾ ਮਾਲਕ ਨੇ ਐਤਵਾਰ ਤੜਕੇ ਸ਼ੰਕਰੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਐਤਵਾਰ ਸ਼ਾਮ ਨੂੰ ਸ਼ੰਕਰੀ ਕੋਲ ਇਕ ਖੇਤ ‘ਚੋਂ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।