ਰਾਜਸਥਾਨ| ਜਲੌਰ ਜ਼ਿਲ੍ਹੇ ਦੇ ਸੰਚੌਰ ਵਿੱਚ ਬੁੱਧਵਾਰ ਦੁਪਹਿਰ ਨੂੰ ਪਤੀ-ਪਤਨੀ ਨੇ ਆਪਣੇ 5 ਬੱਚਿਆਂ ਸਮੇਤ ਨਰਮਦਾ ਨਹਿਰ ਵਿੱਚ ਛਾਲ ਮਾਰ ਦਿੱਤੀ। ਸੂਚਨਾ ਮੁਤਾਬਕ ਘਟਨਾ ਦੁਪਹਿਰ ਕਰੀਬ 2.30 ਵਜੇ ਵਾਪਰੀ ਸੀ। ਇਨ੍ਹਾਂ ਵਿੱਚੋਂ ਇਕ ਬੱਚੇ ਦੀ ਲਾਸ਼ ਸ਼ਾਮ ਕਰੀਬ 4 ਵਜੇ ਬਰਾਮਦ ਹੋਈ। ਜਦਕਿ ਬਾਕੀ ਲਾਸ਼ਾਂ ਦੀ ਭਾਲ ਜਾਰੀ ਹੈ। ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਬਚਾਅ ‘ਚ ਲੱਗੀ ਹੋਈ ਹੈ, ਜੋਧਪੁਰ ਤੋਂ 2 SDRF ਟੀਮਾਂ ਨੂੰ ਵੀ ਬੁਲਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਹੈਲਪਲਾਈਨ 101 ਅਭੈ ਕਮਾਂਡ ਜਲੌਰ ਨੂੰ ਗਲੀਪਾ ਵਾਸੀ ਭੰਵਰ ਸਿੰਘ ਰਾਜਪੂਤ ਨੇ ਸੂਚਨਾ ਦਿੱਤੀ ਕਿ ਸ਼ੰਕਰਾ ਦਾ ਉਸ ਦੀ ਪਤਨੀ ਨਾਲ ਝਗੜਾ ਹੋ ਗਿਆ ਹੈ। ਉਹ ਗੁੱਸੇ ਵਿੱਚ ਆਪਣੀ ਪਤਨੀ ਅਤੇ 5 ਬੱਚਿਆਂ ਨਾਲ ਘਰ ਛੱਡ ਕੇ ਸਿੱਧੇਸ਼ਵਰ ਪਹੁੰਚ ਗਿਆ। ਬੱਚਿਆਂ ਵਿੱਚ 3 ਲੜਕੀਆਂ ਅਤੇ 2 ਲੜਕੇ ਸਨ। ਇਨ੍ਹਾਂ ਸਾਰਿਆਂ ਦੇ ਕੱਪੜੇ ਨਰਮਦਾ ਨਹਿਰ ਦੀ ਮੇਨ ਨਹਿਰ ਕੋਲ ਪਏ ਮਿਲੇ ਹਨ।
ਸੰਚੌਰ ਦੇ CO ਰੂਪ ਸਿੰਘ ਇੰਡਾ ਨੇ ਦੱਸਿਆ ਕਿ ਪੁਲਿਸ ਨੂੰ ਬੁੱਧਵਾਰ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਇਸ ਤੋਂ ਬਾਅਦ ਦੋਵੇਂ ਮੰਗਲਵਾਰ ਨੂੰ ਹੀ ਆਪਣੇ ਪੰਜ ਬੱਚਿਆਂ ਸਮੇਤ ਘਰੋਂ ਚਲੇ ਗਏ ਸਨ। ਨਹਿਰ ‘ਚੋਂ 9 ਸਾਲਾ ਪ੍ਰਕਾਸ਼ ਦੀ ਲਾਸ਼ ਮਿਲੀ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।