ਤਰਨਤਾਰਨ : ਐੱਸਸੀ ਭਾਈਚਾਰੇ ਨਾਲ ਭੇਦਭਾਵ ਬਰਕਰਾਰ; ਝੋਨੇ ਦੀ ਫ਼ਸਲ ‘ਚੋਂ ਲੰਘ ਕੇ ਕਰਨਾ ਪਿਆ ਸਸਕਾਰ, ਦੋ ਕਰਮਾਂ ਦੇ ਰਸਤੇ ਨੂੰ ਵੀ ਵੱਡੀਆਂ ਜਾਤਾਂ ਵਾਲਿਆਂ ਨੇ ਜ਼ਬਰਦਸਤੀ ਵਾਹਿਆ

0
5409

ਭਿੱਖੀਵਿੰਡ : ਪਿੰਡ ਮਾੜੀ ਗੌੜ ਸਿੰਘ ਵਿਖੇ ਪੰਚਾਇਤ ਤੇ ਸਰਕਾਰ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਇਥੇ ਐੱਸਸੀ ਭਾਈਚਾਰੇ ਲਈ ਬਣੇ ਸ਼ਮਸ਼ਾਨਘਾਟ ਨੂੰ ਕੋਈ ਰਸਤਾ ਨਹੀਂ ਛੱਡਿਆ ਗਿਆ, ਜੇ ਕੋਈ ਰਸਤਾ ਛੱਡਿਆ ਵੀ ਹੈ ਤਾਂ ਉਸ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਜ਼ਬਰਦਸਤੀ ਵਾਹ ਲਿਆ ਗਿਆ ਹੈ, ਜਿਸ ਕਾਰਨ ਸ਼ਨਿੱਚਰਵਾਰ ਨੂੰ ਪਿੰਡ ਵਿਚ ਮਰੇ ਇਕ ਵਿਅਕਤੀ ਦਾ ਸਸਕਾਰ ਕਰਨ ਜਾਂਦੇ ਸਮੇਂ ਲੋਕਾਂ ਨੂੰ ਝੋਨੇ ਦੀ ਫ਼ਸਲ ਦੇ ਚਿੱਕੜ ’ਚ ਦੀ ਹੋ ਕੇ ਲੰਘਣਾ ਪਿਆ, ਜਿਸ ਦੇ ਚੱਲਦਿਆਂ ਲੋਕਾਂ ’ਚ ਸਰਕਾਰ ਤੇ ਪੰਚਾਇਤ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਸ਼ਪਾਲ ਸਿੰਘ, ਸਤਨਾਮ ਸਿੰਘ ਤੇ ਗੁਰਬੀਰ ਸਿੰਘ ਨੇ ਦੱਸਿਆ ਕਿ ਪਿੰਡ ਮਾੜੀਗੌੜ ਸਿੰਘ ਦੇ ਸ਼ਮਸ਼ਾਨਘਾਟ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਸ਼ਮਸ਼ਾਨਘਾਟ ਨੂੰ ਕੁਝ ਸਾਲ ਪਹਿਲਾਂ ਛੱਡੇ ਦੋ ਕਰਮਾਂ ਦੇ ਰਸਤੇ ਨੂੰ ਵੀ ਪਿੰਡ ਦੇ ਹੀ ਕੁਝ ਲੋਕਾਂ ਨੇ ਜ਼ਬਰਦਸਤੀ ਵਾਹ ਲਿਆ ਹੈ ਤੇ ਇੱਥੇ ਇਕ ਨਿੱਕੀ ਜਿਹੀ ਵੱਟ ਹੀ ਰਹਿਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਜਦੋਂ ਵੀ ਐੱਸਸੀ ਭਾਈਚਾਰੇ ’ਚ ਕੋਈ ਮੌਤ ਹੁੰਦੀ ਹੈ ਤਾਂ ਇਸੇ ਤਰ੍ਹਾਂ ਹੀ ਉਨ੍ਹਾਂ ਨੂੰ ਬੀਜੀਆਂ ਫ਼ਸਲਾਂ ਵਿਚ ਦੀ ਲੰਘ ਕੇ ਸਸਕਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦੀ ਹਾਲਤ ਦੱਸੀ ਜਾਵੇ ਤਾਂ ਕਾਫ਼ੀ ਤਰਸਯੋਗ ਹੈ ਕਿਉਂਕਿ ਨਾ ਤਾਂ ਸ਼ਮਸ਼ਾਨਘਾਟ ਦੀ ਕੋਈ ਚਾਰਦੀਵਾਰੀ ਬਣੀ ਹੋਈ ਹੈ ਤੇ ਨਾ ਹੀ ਸ਼ਮਸ਼ਾਨਘਾਟ ’ਚ ਬੈਠਣ-ਖਲੋਣ ਨੂੰ ਕੋਈ ਜਗ੍ਹਾ ਹੈ। ਇਥੋਂ ਤਕ ਕਿ ਸ਼ਮਸ਼ਾਨਘਾਟ ਵਿਚ ਪਾਣੀ ਵਾਸਤੇ ਨਲਕਾ ਤਕ ਨਹੀਂ ਹੈ।