ਛੱਤੀਸਗੜ੍ਹ| ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿਚ ਇਕ ਵਿਆਹ ਸਮਾਗਮ ਦੌਰਾਨ ਚੀਕ-ਚਿਹਾੜਾ ਪੈ ਗਿਆ। ਇਕ ਸਿਰਫਿਰੇ ਨੇ ਵਿਆਹ ਦੀਆਂ ਰਸਮਾਂ ਨਿਭਾਉਂਦਿਆਂ ਗਈ ਲਾਈਟ ਦਾ ਫਾਇਦਾ ਚੁੱਕ ਕੇ ਲਾੜਾ-ਲਾੜੀ ਉਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿਚ 12 ਹੋਰ ਲੋਕ ਵੀ ਜ਼ਖਮੀ ਹੋ ਗਏ।
ਇਨ੍ਹਾਂ ਵਿਚੋਂ 12 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ ਇਕ ਮਾਸੂਮ ਵੀ ਸ਼ਾਮਲ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੇਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਬਸਤਰ ਜ਼ਿਲ੍ਹੇ ਦੇ ਭਾਨਪੁਰੀ ਥਾਣਾ ਇਲਾਕੇ ਦੇ ਅਮਾਬਲ ਵਿਚ ਬੁੱਧਵਾਰ ਨੂੰ ਵਿਆਹ ਦੀ ਰਸਮ ਚੱਲ ਰਹੀ ਸੀ। ਇਸ ਕਾਰਨ ਤੇਜ਼ ਤੂਫਾਨ ਕਾਰਨ ਲਾਈਟਾਂ ਬੰਦ ਹੋ ਗਈਆਂ।
ਇਸ ਦੌਰਾਨ ਇਕ ਅਣਪਛਾਤੇ ਨੌਜਵਾਨ ਨੇ ਸਟੇਜ ਉਤੇ ਬੈਠੇ ਲਾੜੇ-ਲਾੜੀ ਉਤੇ ਤੇਜ਼ਾਬ ਸੁੱਟ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਤੇਜ਼ਾਬ ਨਾਲ ਝੁਲਸ ਗਏ ਲਾੜਾ ਲਾੜੀ ਸਣੇ 12 ਲੋਕਾਂ ਨੂੰ ਤੁਰੰਤ ਜਗਦਲਪੁਰ ਦੇ ਮਹਾਰਾਣੀ ਹਸਪਤਾਲ ਲਿਜਾਇਆ ਗਿਆ। ਜਿਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਇਸ ਸਾਰੇ ਮਾਮਲੇ ਉਤੇ ਐਸਪੀ ਨਿਵੇਦਿਤਾ ਪਾਲ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸਦੇ ਨਾਲ ਹੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਪੁਲਿਸ ਟੀਮ ਫਰਾਰ ਨੌਜਵਾਨਾਂ ਦੀ ਭਾਲ ਵਿਚ ਲੱਗੀ ਹੋਈ ਹੈ। ਬਿਜਲੀ ਗੁੱਲ ਹੋਣ ਕਾਰਨ ਉਕਤ ਹਮਲਾਵਰਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਨੂੰ ਸ਼ੱਕ ਹੈ ਕਿ ਇਸ ਸਾਰੇ ਕਾਂਡ ਪਿੱਛੇ ਲੜਕੀ ਦੇ ਪਾਗਲ ਪ੍ਰੇਮੀ ਦਾ ਹੱਥ ਹੋ ਸਕਦਾ ਹੈ।