ਤਰਨਤਰਨ | ਸਿੰਘੂ ਬਾਰਡਰ ’ਤੇ ਨਿਹੰਗਾਂ ਵੱਲੋਂ ਮਾਰੇ ਗਏ ਲਖਬੀਰ ਸਿੰਘ ਨਾਂ ਦੇ ਨੌਜਵਾਨ ਦੇ ਮਾਮਲੇ ’ਚ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ ’ਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ, ਜੋ ਇਸ ਗੱਲ ਦੀ ਜਾਂਚ ਕਰੇਗੀ ਕਿ ਲਖਬੀਰ ਸਿੰਘ ਸਿੰਘੂ ਬੈਰੀਅਰ ’ਤੇ ਕਿਸ ਤਰ੍ਹਾਂ ਪੁੱਜਾ ਸੀ।
ਏਡੀਜੀਪੀ-ਕਮ-ਡਾਇਰੈਕਟ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਵਰਿੰਦਰ ਕੁਮਾਰ ਨੂੰ ਐੱਸਆਈਟੀ ਦਾ ਮੁਖੀ ਬਣਾਇਆ ਗਿਆ ਹੈ, ਜਦਕਿ ਫਿਰੋਜ਼ੁਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਤੇ ਤਰਨਤਾਰਨ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਐੱਸਆਈਟੀ ਦੇ ਮੈਂਬਰ ਹੋਣਗੇ।
ਐੱਸਆਈਟੀ ਮੁਖੀ ਵਰਿੰਦਰ ਕੁਮਾਰ ਲੋੜ ਪੈਣ ’ਤੇ ਜਾਂਚ ਲਈ ਸੂਬੇ ’ਚ ਤਾਇਨਾਤ ਕਿਸੇ ਹੋਰ ਪੁਲਿਸ ਅਧਿਕਾਰੀ ਤੇ ਪੰਜਾਬ ਪੁਲਿਸ ਦੇ ਕਿਸੇ ਵੀ ਹੋਰ ਵਿੰਗ/ਯੂਨਿਟ ਦਾ ਸਹਿਯੋਗ ਲੈ ਸਕਣਗੇ।
ਤਰਨਤਾਰਨ ਦੇ ਪਿੰਡ ਕਸੇਲ ਤੇ ਮੌਜੂਦਾ ਸਮੇਂ ਚੀਮਾ ਕਲਾਂ ਦੀ ਰਹਿਣ ਵਾਲੀ ਰਾਜ ਕੌਰ ਨੇ ਆਰੋਪ ਲਾਏ ਸਨ ਕਿ ਉਸ ਦੇ ਭਰਾ ਲਖਬੀਰ ਸਿੰਘ ਨੂੰ ਕੁਝ ਅਣਪਛਾਤੇ ਲੋਕ ਵਰਗਲਾ ਕੇ ਸਿੰਘੂ ਬਾਰਡਰ ਲੈ ਗਏ ਸਨ, ਜਿਥੇ ਕੁਝ ਨਿਹੰਗ ਸਿੰਘਾਂ ਨੇ 15 ਅਕਤੂਬਰ ਨੂੰ ਬੇਅਦਬੀ ਦੇ ਦੋਸ਼ ਲਾ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
ਰਾਜ ਕੌਰ ਨੇ ਕਿਹਾ ਕਿ ਉਸ ਦਾ ਭਰਾ ਇਕੱਲਿਆਂ ਕਦੇ 14 ਕਿਲੋਮੀਟਰ ਦੂਰ ਕਸਬਾ ਝਬਾਲ ਤੱਕ ਨਹੀਂ ਜਾ ਸਕਦਾ ਸੀ ਤਾਂ ਉਹ ਸਿੰਘੂ ਬਾਰਡਰ ਕਿਵੇਂ ਪੁੱਜ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਰਾਜ ਕੌਰ ਤੇ ਲਖਬੀਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੇ ਇਸ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਜਾਂਚ ਤੁਰੰਤ ਸ਼ੁਰੂ ਕੀਤੀ ਜਾ ਰਹੀ ਹੈ, ਜੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਦੀ ਲੋੜ ਹੋਈ ਤਾਂ ਇਸ ਸਬੰਧੀ ਜਾਰੀ ਹੋਣ ਵਾਲੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।




































