ਜਾਣੋਂ – ਕਿਵੇਂ ਹੋ ਰਹੀਆਂ ਨੇ ਪੰਜਾਬ ਦੀਆਂ ਜੇਲ੍ਹਾਂ ‘ਚ ਗੈਰ – ਕੁਦਰਤੀ ਮੌਤਾਂ

0
376

ਚੰਡੀਗੜ੍ਹ . ਜੇਲ੍ਹ ਇੱਕ ਐਸੀ ਥਾਂ ਜਿੱਥੇ ਕੋਈ ਨਹੀਂ ਜਾਣਾ ਚਾਹੁੰਦਾ ਪਰ ਫਿਰ ਵੀ ਦੇਸ਼ ਭਰ ਦੀਆਂ ਜੇਲ੍ਹਾਂ ਕੈਦੀਆਂ ਨਾਲ ਭਰੀਆਂ ਪਈਆਂ ਹਨ। ਬਲਕਿ ਲੋੜ ਤੋਂ ਵੱਧ ਕੈਦੀ ਜੇਲ੍ਹਾਂ ਅੰਦਰ ਤਾੜੇ ਹੋਏ ਹਨ। NCRB ਦੀ ਰਿਪੋਰਟ ਪੰਜਾਬ ਦੇ ਜੇਲ੍ਹ ਪ੍ਰਬੰਧ ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ। ਮਨੁੱਖੀ ਹੱਕਾਂ ਦੇ ਘਾਣ, ਕਸਟਡੀਅਲ ਮੌਤਾਂ, ਜੇਲ੍ਹਾਂ ਅੰਦਰ ਹਮਲੇ, ਗੈਰ ਕੁਦਰਤੀ ਮੌਤਾਂ, ਜੇਲ੍ਹਾਂ ਚੋਂ ਕੈਦੀਆਂ ਦਾ ਫਰਾਰ ਹੋ ਜਾਣਾ, ਪੈਰੋਲ ਤੇ ਗਏ ਕੈਦੀਆਂ ਦਾ ਭਗੌੜਾ ਹੋ ਜਾਣਾ, ਇਹ ਉਹ ਤਮਾਮ ਕੈਟਾਗਿਰੀਆਂ ਨੇ ਜਿਹਨਾਂ ਚ ਪੰਜਾਬ ਦਾ ਰਿਕਾਰਡ ਬੇਹੱਦ ਮਾੜਾ ਹੈ।

ਰਿਪੋਟਰ ਮੁਤਾਬਿਕ ਸਾਲ 2019 ਚ ਦੇਸ਼ ਭਰ ਦੀਆਂ ਜੇਲ੍ਹਾਂ ਚ 165 ਗੈਰ ਕੁਰਦਰੀ ਮੌਤਾਂ ਹੋਈਆਂ ।  20 ਮੌਤਾਂ ਪੰਜਾਬ ਦੀਆਂ ਜੇਲ੍ਹਾਂ ਅੰਦਰ ਹੋਈਆਂ। ਜਿਸ ਵਿੱਚ 13 ਖੁਦਕੁਸ਼ੀਆਂ, ਦੋ ਕਤਲ, ਦੋ ਐਕਸੀਡੈਂਟਲ ਮੌਤਾਂ, ਇੱਕ ਫਾਈਰਿੰਗ ਤੇ ਦੋ ਹੋਰ ਕਾਰਨਾਂ ਕਰਕੇ ਹੋਈਆਂ। ਦੇਸ਼ ਭਰ ‘ਚ ਜੇਲ੍ਹਾਂ ਅੰਦਰ ਫਾਇਰਿੰਗ ਦੀ ਇੱਕੋ ਇੱਕ ਘਟਨਾ ਹੋਈ ਹੈ ਜੋ ਪੰਜਾਬ ਅੰਦਰ ਹੀ ਵਾਪਰੀ, ਝਗੜਿਆਂ ਦੇ ਵੀ 25 ਕੇਸ ਰਿਪੋਰਟ ਹੋਏ। ਝਗੜਿਆਂ ਦੇ ਇਹਨਾਂ ਕੇਸਾਂ ਵਿੱਚ ਮੱਧ ਪ੍ਰਦੇਸ਼ ਨਾਲ ਪੰਜਾਬ ਨੰਬਰ ਵਨ ਤੇ ਹੈ। ਪੰਜਾਬ ਦੀਆਂ ਜੇਲ੍ਹਾਂ ਅੰਦਰ ਹੋਈਆਂ ਝੜਪਾਂ ਚ ਕੁੱਲ 61 ਵਿਅਕਤੀ ਜ਼ਖਮੀ ਹੋਏ ਹਨ ਜਿਹਨਾਂ ਚ 49 ਕੈਦੀ ਤੇ 12 ਜੇਲ੍ਹ ਮੁਲਾਜ਼ਮ ਹਨ। ਜੇਲ੍ਹਾਂ ਅੰਦਰ ਝਗੜੇ ਕਰਕੇ ਜਿਹੜੇ ਦੋ ਕਤਲ ਹੋਏ ਉਹਨਾਂ ਚੋਂ ਇੱਕ ਕਤਲ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਮਾਮਲੇ ਦੇ ਮੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਵੀ ਹੈ।

ਪੰਜਾਬ ਅੰਦਰ ਕੁੱਲ 24 ਜੇਲ੍ਹਾਂ ਹਨ ਜਿਹਨਾਂ ਅੰਦਰ 23488 ਕੈਦੀ ਰੱਖੇ ਜਾਣ ਦੀ ਸਮਰੱਥਾ ਹੈ ਪਰ ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਚ 24172 ਕੈਦੀ ਬੰਦ ਹਨ। ਪੰਜਾਬ ਦੀਆਂ ਜੇਲ੍ਹਾਂ ਚ 12778 ਸਿੱਖ ਕੈਦੀ ਹਨ ਜਦਕਿ 209 ਵਿਦੇਸ਼ੀ ਕੈਦੀ ਹਨ। 57 ਕੈਦੀ ਮਾਨਸਿਕ ਰੂਪ ਨਾਲ ਬਿਮਾਰ ਹਨ। ਸਾਲ 2019 ਚ ਪੰਜਾਬ ਅੰਦਰ 23 ਕੈਦੀ ਫਰਾਰ ਹੋਏ ਤੇ ਇਸ ਮਾਮਲੇ ਚ ਪੰਜਾਬ ਦਾ ਦੇਸ਼ ਚੋਂ ਪੰਜਵਾਂ ਨੰਬਰ ਹੈ। 172 ਕੈਦੀ ਫਰਾਰ ਹੋਣ ਕਰਕੇ ਗੁਜਰਾਤ ਨੰਬਰ ਵਨ ਹੈ। ਇਸ ਤੋਂ ਇਲਾਵਾ ਪੰਜਾਬ ਚ ਇੱਕ ਜੇਲ੍ਹ ਬ੍ਰੇਕ ਦਾ ਕੇਸ ਵੀ ਹੋਇਆ। ਪੰਜਾਬ ਨੇ ਸਭ ਤੋਂ ਵੱਧ 7973 ਕੈਦੀ ਪੈਰੋਲ ਤੇ ਰਿਹਾਅ ਕੀਤੇ ਪਰ ਇਹਨਾਂ ਚੋਂ ਵੀ 35 ਕੈਦੀ ਭਗੌੜੇ ਹੋ ਗਏ। ਹਲਾਂਕਿ 8 ਭਗੌੜਿਆਂ ਨੂੰ ਫੜ੍ਹਨ ਚ ਪੁਲਿਸ ਕਾਮਯਾਬ ਰਹੀ। ਜੇਲ੍ਹਾਂ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲਿਆਂ ਚ ਵੀ ਪੰਜਾਬ ਮੋਹਰੀ ਹੈ। 180 ਕੈਦੀਆਂ ਨੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤਾਂ ਦਿੱਤੀਆਂ ਹਨ ਪਰ 103 ਕੇਸ ਪੈਂਡਿੰਗ ਪਏ ਹਨ।