ਹੁਸ਼ਿਆਰਪੁਰ, 10 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਆਪਣੀ ਪਤਨੀ ਦੇ ਕਤਲ ਮਾਮਲੇ ‘ਚ ਸਜ਼ਾ ਕੱਟ ਰਿਹਾ ਇਕ ਕੈਦੀ ਆਪਣੇ ਪਿਤਾ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਆਇਆ ਤਾਂ ਡਿਊਟੀ ਦੇ ਰਹੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਫ਼ਰਾਰ ਹੋ ਗਿਆ। ਜ਼ਿਲਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਇਸ ਅਣਗਹਿਲੀ ਲਈ 2 ਥਾਣੇਦਾਰਾਂ ਅਤੇ ਇਕ ਸਿਪਾਹੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੈਦੀ ਮਨੀਸ਼ ਕੁਮਾਰ ਵਿਰੁੱਧ ਵੀ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਿੰਦਰ ਕੁਮਾਰ ਪੁੱਤਰ ਮਹਿੰਦਰ ਸਿੰਘ ਮੁਨਸ਼ੀ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਡਿਊਟੀ ਕਰਦਾ ਹੈ। ਉਸ ਨੇ ਦੱਸਿਆ ਕਿ ਆਪਣੀ ਪਤਨੀ ਦੇ ਕਤਲ ਮਾਮਲੇ ਵਿਚ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖ਼ੇ ਸਜ਼ਾ ਕੱਟ ਰਿਹਾ ਮਨੀਸ਼ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਪੰਡੋਰੀ ਰੁਕਮਣ ਜੋ ਕਿ ਆਪਣੇ ਪਿਤਾ ਦੀ ਮੌਤ ਦੀ ਅੰਤਿਮ ਅਰਦਾਸ ’ਤੇ ਆਇਆ ਸੀ, ਚਕਮਾ ਦੇ ਕੇ ਭੱਜ ਗਿਆ।
ਜਿਥੇ ਕਥਿਤ ਦੋਸ਼ੀ ਦਾ ਜੀਜਾ ਟਰੇਨਿੰਗ ਸੈਂਟਰ ਜਹਾਨ ਖ਼ੇਲ੍ਹਾਂ ‘ਚ ਥਾਣੇਦਾਰ ਤਾਇਨਾਤ ਹੈ, ਦੀ ਜ਼ਿੰਮੇਵਾਰੀ ’ਤੇ ਕਥਿਤ ਦੋਸ਼ੀ ਦੀਆਂ ਹੱਥਕੜੀਆਂ ਖੋਲ੍ਹ ਦਿੱਤੀਆਂ ਤਾਂ ਜੋ ਅੰਤਿਮ ਅਰਦਾਸ ਦੀਆਂ ਰਸਮਾਂ ‘ਚ ਆਸਾਨੀ ਨਾਲ ਹਿੱਸਾ ਲੈ ਸਕੇ। ਉਸ ਨੇ ਦੱਸਿਆ ਕਿ ਕੁਝ ਦੇਰ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਦਾ ਰਿਹਾ ਪਰ ਅਚਾਨਕ ਹੀ ਭੀੜ ਵਿਚ ਪੁਲਿਸ ਨੂੰ ਚਕਮਾ ਦੇ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਮਨੀਸ਼ ਨੇ ਆਪਣੇ ਜੀਜੇ ਦੀ ਸ਼ੈਅ ਉਤੇ ਸਾਜ਼ਿਸ਼ ਨਾਲ ਮੌਕੇ ਤੋਂ ਫ਼ਰਾਰੀ ਕੀਤੀ ਹੈ।