ਹੁਸ਼ਿਆਰਪੁਰ : ਮਨੀ ਐਕਸਚੇਂਜਰ ਨੂੰ ਦਾਤਰ ਵਿਖਾ ਕੇ 4 ਲੱਖ ਲੁੱਟੇ

0
2884

ਹੁਸ਼ਿਆਰਪੁਰ | ਘੰਟਾ ਘਰ ਦੇ ਨਜ਼ਦੀਕ ਓਹਰੀ ਮਨੀ ਐਕਸਚੇਂਜਰ ਤੋਂ ਲੁਟੇਰਿਆਂ ਨੇ ਅੱਜ 4 ਲੱਖ ਰੁਪਏ ਦੀ ਨਕਦੀ ਲੁੱਟ ਲਈ।

ਪਿਛਲੇ ਲੰਮੇ ਸਮੇਂ ਤੋਂ ਮਨੀ ਐਕਸਚੇਂਜਰ ਦੀ ਦੁਕਾਨ ਚਲਾ ਰਹੇ ਅਕਾਸ਼ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 2 ਵਜੇ ਉਹ ਦੁਕਾਨ ’ਤੇ ਆਏ ਸਨ। ਦੇਰ ਸ਼ਾਮ ਕਰੀਬ ਇੱਕ ਨੌਜਵਾਨ ਦੁਕਾਨ ’ਤੇ ਆਇਆ ਤੇ ਪੇਮੈਂਟ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਰਕਮ ਜ਼ਿਆਦਾ ਹੋਣ ਕਾਰਨ ਉਨ੍ਹਾਂ ਕਿਹਾ ਕਿ ਇਹ ਪੇਮੈਂਟ ਚੈੱਕ ਨਾਲ ਹੋਵੇਗੀ। ਇਸ ਤੋਂ ਬਾਅਦ ਉਹ ਨੌਜਵਾਨ ਇੱਕ ਹੋਰ ਨੌਜਵਾਨ ਨੂੰ ਨਾਲ ਲੈ ਆਇਆ ਤੇ ਉਨ੍ਹਾਂ ਅੰਦਰੋਂ ਸ਼ਟਰ ਬੰਦ ਕਰ ਲਿਆ।

ਮੁੰਡਿਆਂ ਨੇ ਦਾਤਰਨੁਮਾ ਤੇਜ਼ਧਾਰ ਹਥਿਆਰ ਕੱਢ ਲਿਆ ਤੇ ਉਸ ’ਤੇ ਹਮਲਾ ਕਰ ਦਿੱਤਾ। ਦੋਵੇਂ ਨੌਜਵਾਨ 4 ਲੱਖ ਰੁਪਏ ਲੁੱਟ ਕੇ ਭੱਜ ਗਏ।
ਡੀਐਸਪੀ ਸਿਟੀ ਪ੍ਰੇਮ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ। ਲੁਟੇਰਿਆਂ ਨੂੰ ਫੜਣ ਲਈ ਟੀਮਾਂ ਕੰਮ ਕਰ ਰਹੀਆਂ ਹਨ।