ਹੁਸ਼ਿਆਰਪੁਰ, ਮਲੇਰਕੋਟਲਾ, ਪਟਿਆਲਾ ਤੇ ਸੰਗਰੂਰ ਸਮੇਤ ਦੇਸ਼ ਦੇ ਇਨ੍ਹਾਂ ਵੱਡੇ ਸ਼ਹਿਰਾਂ ‘ਚ ਚੱਲ ਰਿਹਾ ਸੀ ਚਾਈਲਡ ਪੋਰਨ ਰੈਕੇਟ, CBI ਨੇ ਮਾਰਿਆ ਛਾਪਾ, ਹੋਏ ਵੱਡੇ ਖੁਲਾਸੇ

0
5427

ਚੰਡੀਗੜ੍ਹ । ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਇੰਟਰਨੈੱਟ ਰਾਹੀਂ ਸੋਸ਼ਲ ਮੀਡੀਆ ‘ਤੇ ਪਾਉਣ ਦੇ ਮਾਮਲੇ ‘ਚ ਦੇਸ਼ ਭਰ ਦੇ 76 ਸ਼ਹਿਰਾਂ ‘ਚ ਇਕੋ ਸਮੇਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ 14 ਰਾਜਾਂ ਤੇ ਕੇਂਦਰ ਸ਼ਾਸਿਤ ਰਾਜਾਂ ਦੇ ਸ਼ਹਿਰਾਂ ਵਿੱਚ ਕੀਤੀ ਗਈ।

ਸੀਬੀਆਈ ਨੇ 14 ਨਵੰਬਰ ਨੂੰ ਇਸ ਮਾਮਲੇ ਵਿੱਚ 23 ਵੱਖ-ਵੱਖ ਕੇਸ ਦਰਜ ਕੀਤੇ ਸਨ। ਇਨ੍ਹਾਂ ਮਾਮਲਿਆਂ ਵਿੱਚ 83 ਲੋਕਾਂ ਨੂੰ ਆਰੋਪੀ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਓਡਿਸ਼ਾ ਵਿੱਚ ਛਾਪੇਮਾਰੀ ਦੌਰਾਨ ਸੀਬੀਆਈ ਅਧਿਕਾਰੀ ਦੀ ਕੁੱਟਮਾਰ ਕੀਤੀ ਗਈ। ਸੀਬੀਆਈ ਮੁਤਾਬਕ ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਓਡਿਸ਼ਾ, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਲੋਕਾਂ ਦੇ ਘਰਾਂ ‘ਤੇ ਛਾਪੇ ਮਾਰੇ ਗਏ।

ਪੰਜਾਬ ਦੇ ਇਨ੍ਹਾਂ ਸ਼ਹਿਰਾਂ ‘ਚ ਛਾਪੇਮਾਰੀ

ਸੀਬੀਆਈ ਦੀ ਟੀਮ ਨੇ ਪੰਜਾਬ ਦੇ ਸੰਗਰੂਰ, ਮਲੇਰਕੋਟਲਾ, ਹੁਸ਼ਿਆਰਪੁਰ ਤੇ ਪਟਿਆਲਾ ਵਿੱਚ ਵੱਡੀ ਕਾਰਵਾਈ ਕੀਤੀ ਤੇ ਇਥੋਂ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਇਹ ਲੋਕ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੇ ਹੋਏ ਸਨ। ਫਿਲਹਾਲ ਸੀਬੀਆਈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਬਾਲ ਸ਼ੋਸ਼ਣ ਦੇ ਵਧੇ 400% ਮਾਮਲੇ

ਜੇਕਰ ਅਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 2019 ਦੇ ਮੁਕਾਬਲੇ 2020 ‘ਚ ਬੱਚਿਆਂ ਦੇ ਅਸ਼ਲੀਲ ਵੀਡੀਓ ਬਣਾਉਣ ਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਮਾਮਲਿਆਂ ‘ਚ 400 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਛਾਪੇਮਾਰੀ ਵਿੱਚ ਸੀਬੀਆਈ ਨੂੰ ਵੱਡੀ ਗਿਣਤੀ ਵਿੱਚ ਅਪਰਾਧਿਕ ਦਸਤਾਵੇਜ਼ ਤੇ ਡਾਟਾ ਮਿਲਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ 14 ਨਵੰਬਰ ਨੂੰ ਆਨਲਾਈਨ ਬਾਲ ਜਿਨਸੀ ਸ਼ੋਸ਼ਣ ਅਤੇ ਉਤਪੀੜਨ ਵਿੱਚ ਕਥਿਤ ਤੌਰ ‘ਤੇ ਸ਼ਾਮਲ 83 ਲੋਕਾਂ ਵਿਰੁੱਧ 23 ਵੱਖ-ਵੱਖ ਕੇਸ ਦਰਜ ਕੀਤੇ ਸਨ।

ਵਿਦੇਸ਼ੀ ਨੰਬਰਾਂ ਤੋਂ ਆਉਂਦੇ ਸਨ ਲਿੰਕ

ਸੂਤਰਾਂ ਮੁਤਾਬਕ ਯੂਪੀ ਦੇ ਚੰਦੌਲੀ ‘ਚ ਫੜੇ ਗਏ ਸੂਰਜ ਨੇ ਸੀਬੀਆਈ ਟੀਮ ਨੂੰ ਦੱਸਿਆ ਕਿ ਦੋਸਤੀ ਦੇ ਨਾਂ ‘ਤੇ ਕਈ ਗਰੁੱਪਾਂ ‘ਚ ਸ਼ਾਮਲ ਹੋਣ ਤੋਂ ਬਾਅਦ ਉਹ ਵਿਦੇਸ਼ੀ ਨੰਬਰਾਂ ਤੋਂ ਲਿੰਕ ਪ੍ਰਾਪਤ ਕਰਦਾ ਸੀ, ਜਿਨ੍ਹਾਂ ‘ਚ ਅਸ਼ਲੀਲ ਵੀਡੀਓ ਸਨ। ਕੁਝ ਦਿਨ ਪਹਿਲਾਂ ਉਸ ਨੇ ਕਈ ਗਰੁੱਪ ਡਿਲੀਟ ਕਰ ਦਿੱਤੇ ਸਨ। ਟੀਮ ਨੇ ਸੂਰਜ ਦਾ ਮੋਬਾਇਲ ਜ਼ਬਤ ਕਰ ਲਿਆ।

ਅਧਿਕਾਰੀ ਨੂੰ ਕੁੱਟਿਆ

ਓਡਿਸ਼ਾ ਦੇ ਢੇਂਕਨਾਲ ਜ਼ਿਲ੍ਹੇ ਵਿੱਚ ਸੀਬੀਆਈ ਦੇ ਛਾਪੇ ਦੌਰਾਨ ਕੁਝ ਲੋਕਾਂ ਨੇ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜੁਬੁਲੀ ਨਾਇਕ ਨਾਂ ਦੇ ਵਿਅਕਤੀ ਦੇ ਘਰ ਵਾਪਰੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਲਾਕੇ ‘ਚ ਤਣਾਅ ਵਧ ਗਿਆ।

ਚਾਈਲਡ ਪੋਰਨ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੀਬੀਆਈ ਵੱਲੋਂ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਥੇ ਹਾਲ ਹੀ ‘ਚ ਪੋਕਸੋ ਐਕਟ ਨੂੰ ਇਸ ਸਬੰਧੀ ਸਖ਼ਤ ਬਣਾਇਆ ਗਿਆ ਹੈ, ਉਥੇ ਹੀ ਆਈਟੀ ਐਕਟ ਵਿੱਚ ਵੀ ਸਜ਼ਾ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ