ਹੁਸ਼ਿਆਰਪੁਰ/ਗੜ੍ਹਸ਼ੰਕਰ, 3 ਨਵੰਬਰ | ਗੜ੍ਹਸ਼ੰਕਰ-ਬੰਗਾ ਰੋਡ ‘ਤੇ ਵੀਰਵਾਰ ਰਾਤ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ (37) ਪੁੱਤਰ ਅਮਰੀਕ ਸਿੰਘ ਵਾਸੀ ਜਲੰਧਰ ਮਾਰੂਤੀ ਆਲਟੋ ਕਾਰ ਵਿਚ ਸਵਾਰ ਹੋ ਕੇ ਗੜ੍ਹਸ਼ੰਕਰ ਵਾਲੇ ਪਾਸਿਓਂ ਆਪਣੇ ਸਹੁਰੇ ਪਿੰਡ ਚੌਹੜਾ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਡੇਰੋਂ ਲਾਗੇ ਪਹੁੰਚਿਆ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਦਰੱਖਤ ਨਾਲ ਟਕਰਾਅ ਕੇ ਪਲਟ ਗਈ, ਜਿਸ ਕਾਰਨ ਕਾਰ ਚਾਲਕ ਸੰਦੀਪ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਕਾਰ ਇੰਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਕਿ ਬੜੀ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਨੂੰ ਕਾਰ ਵਿਚੋਂ ਕੱਢਿਆ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਪੁੱਤਰੀ ਛੱਡ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।