ਹੁਸ਼ਿਆਰਪੁਰ : ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 6 ਲੋਕਾਂ ਖਿਲਾਫ ਮਾਮਲਾ ਦਰਜ

0
1566

ਹੁਸ਼ਿਆਰਪੁਰ | ਟਾਂਡਾ ਉੜਮੁੜ ਵਿੱਚ ਨਸ਼ੇ ਦੇ ਸੌਦਾਗਰਾਂ ਦਾ ਪੱਕਾ ਅੱਡਾ ਬਣੇ ਚੰਡੀਗੜ੍ਹ ਕਾਲੋਨੀ ਇਲਾਕੇ ਵਿਚ ਇਕ ਹੋਰ ਨੌਜਵਾਨ ਦੀ ਚਿੱਟੇ (ਨਸ਼ੀਲਾ ਪਾਊਡਰ) ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ | ਕੁਝ ਦਿਨ ਪਹਿਲਾਂ ਵੀ ਇਸੇ ਇਲਾਕੇ ਵਿਚ ਕਲੋਟੀ ਨਗਰ ਵਾਸੀ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੇ ਮਾਮਲੇ ‘ਤੇ ਅਜੇ ਪੁਲਸ ਕਾਰਵਾਈ ਕਰ ਹੀ ਰਹੀ ਸੀ ਕਿ ਇਕ ਹੋਰ ਮੌਤ ਨੇ ਹਾਲਾਤਾਂ ਦੇ ਬੇਹੱਦ ਗੰਭੀਰ ਹੋਣ ਦੇ ਸਬੂਤ ਦੇ ਦਿੱਤੇ ਹਨ। ਨਸ਼ੇ ਦੀ ਭੇਟ ਚੜ੍ਹੇ ਨੌਵਜਾਨ ਦੀ ਪਛਾਣ ਹਰਜੀਤ ਸਿੰਘ ਵਾਸੀ ਢਡਿਆਲਾ ਦੇ ਰੂਪ ਵਿਚ ਹੋਈ ਹੈ, ਜਿਸ ਦੀ ਲਾਸ਼ ਚੰਡੀਗੜ੍ਹ ਕਾਲੋਨੀ ਰੇਲਵੇ ਲਾਈਨ ਦੇ ਨਜ਼ਦੀਕ ਮਿਲੀ। ਮ੍ਰਿਤਕ ਹਰਜੀਤ ਸਿੰਘ ਆਪਣੇ ਪਰਿਵਾਰ ਵਿੱਚ ਛੇ ਸਾਲ ਦੀ ਬੇਟੀ ਤੇ ਅਪਹਿਜ ਪਤਨੀ ਨੂੰ ਛੱਡ ਗਿਆ, ਜਿਸ ਤੋਂ ਬਾਅਦ ਟਾਂਡਾ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਸ਼ਰੀਕੇ ਵਿਚ ਲੱਗਦੇ ਭਤੀਜੇ ਇੰਦਰ ਗੋਪਾਲ ਸਿੰਘ ਦੇ ਬਿਆਨ ਦੇ ਆਧਾਰ ‘ਤੇ ਨਸ਼ਾ ਵੇਚਣ ਵਾਲੇ ਅਤੇ ਉਸ ਦੇ ਚਾਚੇ ਦੀ ਮੌਤ ਦਾ ਕਾਰਨ ਬਣਨ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੱਦੀ ਪੁਸ਼ਪਾ ਦੀ ਨੂੰਹ ਵਾਸੀ ਚੰਡੀਗੜ੍ਹ ਕਾਲੋਨੀ, ਰਾਣੀ ਪਤਨੀ ਸਨੀ ਵਾਸੀ ਬਸਤੀ ਸਾਂਸੀਆਂ, ਰਾਣੋ ਪਤਨੀ ਰਾਜਾ, ਸਨੀ ਪੁੱਤਰ ਰਾਜਾ, ਨਿੱਕੀ ਪਤਨੀ ਲਾਲ ਅਤੇ ਸਨੀ ਪੁੱਤਰ ਮੰਗਤ ਰਾਮ ਵਾਸੀ ਚੰਡੀਗੜ੍ਹ ਕਾਲੋਨੀ ਟਾਂਡਾ ਦੇ ਰੂਪ ਵਿਚ ਹੋਈ ਹੈ।
ਮ੍ਰਿਤਕ ਦੀ ਭੈਣ ਪ੍ਰਵੀਨ ਰਾਣੀ ਨੇ ਕਿਹਾ ਕਿ ਮੇਰਾ ਭਰਾ ਰੋਟੀ ਖਾ ਕੇ ਘਰੋਂ ਬਾਹਰ ਗਿਆ ਸੀ ਪਰ ਉਸ ਦੀ ਮੌਤ ਕਿਵੇਂ ਹੋਈ ਜਾਂਚ ਕੀਤੀ ਜਾਵੇ ਤੇ ਸਰਕਾਰ ਨੂੰ ਚਾਹੀਦਾ ਨਸ਼ਿਆਂ ‘ਤੇ ਲਗਾਮ ਲਾਵੇ। ਘਰਾਂ ਦੇ ਘਰ ਚਿੱਟੇ ਦੀ ਭੇਟ ਚੜ੍ਹ ਗਏ ਹਨ।
ਟਾਂਡਾ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਨਸ਼ੇ ਦੇ 6 ਸੌਦਾਗਰਾਂ ‘ਤੇ ਮਾਮਲਾ ਦਰਜ ਕੀਤਾ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਕੀਤੀ ਜਾ ਰਹੀ ਹੈ।