ਸੰਗਰੂਰ ‘ਚ ਖੌਫਨਾਕ ਵਾਰਦਾਤ : ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ‘ਤੇ ਵਿਅਕਤੀ ਨੇ ਸਾਲੀ ਕੁਹਾੜੀ ਨਾਲ ਵੱਢੀ

0
1580

ਸੰਗਰੂਰ/ਮਾਲੇਰਕੋਟਲਾ, 10 ਅਕਤੂਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਤਲਾਕ ਤੋਂ ਬਾਅਦ ਪਤਨੀ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਨਾਰਾਜ਼ ਹੋਏ ਵਿਅਕਤੀ ਨੇ ਰਾਤ ਵੇਲੇ ਸੌਂ ਰਹੀ ਆਪਣੀ ਸਾਲੀ, ਸਾਂਢੂ ਤੇ ਸਾਲੇ ’ਤੇ ਤੇਜ਼ਧਾਰ ਕੁਹਾੜੀ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਸਾਲੀ ਦੀ ਮੌਤ ਹੋ ਗਈ, ਜਦਕਿ ਸਾਲਾ ਤੇ ਸਾਂਢੂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਕਰਵਾਇਆ ਗਿਆ। ਉਥੇ ਇਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਰਾਜਿੰਦਰਾ ਹਸਪਤਾਲ ਤੇ ਬਾਅਦ ’ਚ ਪੀਜੀਆਈ ਰੈਫਰ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਰਾਜ ਕੁਮਾਰ ਪੁੱਤਰ ਸੁੱਖਾ ਨਿਵਾਸੀ ਬਲਾਚੌਰ ਦਾ ਵਿਆਹ ਮਾਲੇਰਕੋਟਲਾ ਦੀ ਰੱਜੀ ਨਾਂ ਦੀ ਲੜਕੀ ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਇਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੇ ਉਸਦਾ ਵਿਆਹ ਕਿਤੇ ਹੋਰ ਕਰ ਦਿੱਤਾ। ਇਸ ਤੋਂ ਰਾਜ ਕੁਮਾਰ ਨਾਰਾਜ਼ ਸੀ। ਉਹ ਬਦਲਾ ਲੈਣ ਲਈ ਬਲਾਚੌਰ ਤੋਂ ਮਾਲੇਰਕੋਟਲਾ ਪੁੱਜਾ ਤੇ ਅੱਧੀ ਰਾਤ ਤਕ ਸ਼ਰਾਬ ਪੀ ਕੇ ਘੁੰਮਦਾ ਰਿਹਾ। ਰਾਤ ਕਰੀਬ 2 ਵਜੇ ਦੇ ਆਸ-ਪਾਸ ਉਸ ਨੇ ਆਪਣੇ ਸਹੁਰਾ ਪਰਿਵਾਰ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਮੰਜੇ ’ਤੇ 2 ਬੱਚੀਆਂ ਨਾਲ ਸੌਂ ਰਹੀ ਸਾਲੀ ਮੀਨਾ ਦੇ ਸਿਰ ’ਤੇ ਕੁਹਾੜੀ ਨਾਲ ਕਈ ਵਾਰ ਕੀਤੇ, ਜਿਸ ਨਾਲ ਉਸਦੀ ਮੌਕੇ ’ਤੇ ਮੌਤ ਹੋ ਗਈ।

ਇਸ ਤੋਂ ਬਾਅਦ ਮੀਨਾ ਦੇ ਪਤੀ ਹਨੀ ਤੇ ਛੋਟੇ ਸਾਲੇ ਰਵੀ ਦੇ ਸਿਰ ’ਤੇ ਵਾਰ ਕੀਤੇ। ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਰੌਲ਼ਾ ਪਾਉਣ ’ਤੇ ਲੋਕ ਇਕੱਠੇ ਹੋ ਗਏ। ਉਨ੍ਹਾਂ ਮੁਲਜ਼ਮ ਰਾਜ ਕੁਮਾਰ ਨੂੰ ਫੜ ਕੇ ਰੱਸੀ ਨਾਲ ਬੰਨ੍ਹ ਲਿਆ। ਇਸ ਤੋਂ ਬਾਅਦ ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਇਕਬਾਲ ਫ਼ੌਜੀ ਨੇ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ।

ਬਾਕੀ ਜ਼ਖ਼ਮੀਆਂ ’ਚ ਹਨੀ ਦਾ ਸਰਕਾਰੀ ਹਸਪਤਾਲ ਮਾਲੇਰਕੋਟਲਾ ਤੇ ਰਵੀ ਦਾ ਪੀਜੀਆਈ ਚੰਡੀਗੜ੍ਹ ’ਚ ਇਲਾਜ ਚੱਲ ਰਿਹਾ ਹੈ। ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਦੂਜੇ ਪਾਸੇ ਲੋਕਾਂ ਵੱਲੋਂ ਕੁੱਟਮਾਰ ਦੀ ਵਜ੍ਹਾ ਨਾਲ ਜ਼ਖ਼ਮੀ ਹੋਇਆ ਮੁਲਜ਼ਮ ਰਾਜ ਕੁਮਾਰ ਵੀ ਸਰਕਾਰੀ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਹੈ। ਪੁਲਿਸ ਨੇ ਰਾਜ ਕੁਮਾਰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਮੌਕੇ ਤੋਂ ਹੱਤਿਆ ’ਚ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ ਹੈ।