ਤਰਨਤਾਰਨ : ਗੁੰਡਾਗਰਦੀ ਦਾ ਨੰਗਾ ਨਾਚ, ਲੜਕੀ ਦਾ ਰਾਸਤਾ ਰੋਕਿਆ, ਵਿਰੋਧ ਕਰਨ ’ਤੇ ਚਲਾਈਆਂ ਕਿਰਪਾਨਾਂ

0
1863

ਤਰਨਤਾਰਨ : ਵਿਧਾਨ ਸਭਾ ਹਲਕਾ ਖੇਮਕਰਨ ਅਤੇ ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਮਰਕੋਟ ਦੀ ਆਬਾਦੀ ਮਲਕਾ ਵਿਖੇ ਘਰ ਵਿਚ ਸ਼ਰ੍ਹੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਜਗਰੂਪ ਕੌਰ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚੋਂ ਕੁਝ ਸਾਮਾਨ ਲੈ ਕੇ ਆਪਣੇ ਘਰ ਨੂੰ ਆ ਰਹੀ ਸੀ ਤਾਂ ਜਦ ਉਹ ਆਪਣੇ ਘਰ ਦੇ ਨਜ਼ਦੀਕ ਗਲੀ ਵਿਚ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਜਸ਼ਨ ਸਿੰਘ ਅਤੇ ਉਸਦੇ ਨਾਲ ਕੁਝ ਹੋਰ ਨੌਜਵਾਨ ਉਸ ਨਾਲ ਛੇੜ ਛਾੜ ਕਰਨ ਲੱਗ ਪਏ।

ਜਦ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀ ਉਸ ਦਾ ਰਸਤਾ ਰੋਕ ਕੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਇਹ ਉਸ ਨੂੰ ਫੜ ਕੇ ਅੰਦਰ ਸੁੱਟੋ ਅਤੇ ਇਸ ਦੀ ਵੀਡੀਓ ਬਣਾ ਕੇ ਇੰਸਟਰਾਗ੍ਰਾਮ ’ਤੇ ਪਾਈਏ।

 ਜਗਰੂਪ ਕੌਰ ਨੇ ਕਿਹਾ ਕਿ ਉਹ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਡਰ ਗਈ ਅਤੇ ਉਹ ਮੌਕੇ ਤੋਂ ਭੱਜਦੀ ਹੋਈ ਨਜ਼ਦੀਕ ਆਪਣੇ ਮਾਮੇ ਦੇ ਘਰ ਵੜ ਗਈ।

ਲੜਕੀ ਦੇ ਭਰਾ ਕੁਲਬੀਰ ਸਿੰਘ ਨੇ ਦੱਸਿਆ ਕਿ ਉਸ  ਵੱਲੋਂ ਇਸ ਸਾਰੀ ਘਟਨਾ ਨੂੰ ਲੈ ਕੇ ਜਸ਼ਨਦੀਪ ਦੇ ਪਰਿਵਾਰ ਨੂੰ ਇਸਦਾ ਉਲ੍ਹਾਮਾ ਦਿੱਤਾ ਗਿਆ ਤਾਂ ਕੁਝ ਦੇਰ ਬਾਅਦ ਜਸ਼ਨਦੀਪ ਦਾ ਪਿਤਾ ਸ਼ਿੰਦੂ ਸਿੰਘ ਤੇ ਕੁਝ ਹੋਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਘਰ ਵਿਚ ਦਾਖ਼ਲ ਹੋ ਕੇ ਉਸਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ ।

 ਉਕਤ ਵਿਅਕਤੀਆਂ ਨੇ ਘਰ ਦਾ ਸਾਰਾ ਸਾਮਾਨ ਮੋਟਰਸਾਈਕਲ ਪੱਖੇ ਅਤੇ ਦਰਵਾਜ਼ੇ ਨੂੰ ਦਾਤਰ ਤੇ ਕਿਰਪਾਨਾਂ ਨਾਲ ਬੁਰੀ ਤਰ੍ਹਾਂ ਤੋੜ। ਕੁਲਬੀਰ ਸਿੰਘ ਅਤੇ ਜਗਰੂਪ ਕੌਰ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਵੱਲੋਂ ਤੁਰੰਤ ਥਾਣਾ ਵਲਟੋਹਾ ਪੁਲਸ ਨੂੰ ਜਾਣੂ ਕਰਵਾਇਆ ਗਿਆ।

ਮੌਕੇ ’ਤੇ ਪਹੁੰਚੇ ਥਾਣਾ ਵਲਟੋਹਾ ਦੇ ਐੱਸ ਆਈ ਬਲਵਿੰਦਰ ਸਿੰਘ ਦੁਬਲੀ ਵੱਲੋਂ ਆਣ ਕੇ ਸਾਰਾ ਮੌਕਾ ਵੇਖਿਆ ਗਿਆ ਅਤੇ ਪਰਿਵਾਰ ਦੇ ਅਤੇ ਲੜਕੀ ਦੇ ਬਿਆਨ ਦਰਜ ਕਰ ਲਏ ਗਏ ਪਰ ਅਜੇ ਤੱਕ ਪੁਲਸ ਵੱਲੋਂ ਨਾ ਤਾਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਨਾ ਹੀ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 ਪੀੜਤ ਪਰਿਵਾਰ ਨੇ ਜ਼ਿਲਾ ਤਰਨਤਾਰਨ ਦੇ ਐੱਸਐੱਸਪੀ ਅਤੇ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ’ਤੇ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ।

ਉਧਰ ਜਦ ਇਸ ਸਬੰਧੀ ਜਸ਼ਨਦੀਪ ਅਤੇ ਉਸਦੇ ਪਿਤਾ ਸ਼ਿੰਦੂ ਨਾਲ ਗੱਲਬਾਤ ਕੀਤੀ ਗਈ ਤਾਂ ਸ਼ਿੰਦੂ ਨੇ ਆਪਣੇ ਅਤੇ ਆਪਣੇ ਲੜਕੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਦਿੱਤਾ।

ਉਧਰ ਐੱਸਆਈ ਬਲਵਿੰਦਰ ਸਿੰਘ ਦੁੱਬਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਹੋਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ।