ਸਾਹਨੇਵਾਲ ‘ਚ ਗੁੰਡਾਗਰਦੀ: ਬੱਚਿਆਂ ਦੀ ਬਹਿਸ ਤੋਂ ਸ਼ੁਰੂ ਹੋਇਆ ਝਗੜਾ, ਹਥਿਆਰਾਂ ਨਾਲ ਹਮਲਾ, ਘਰਾਂ ਤੇ ਗੱਡੀਆਂ ਦੀ ਤੋੜ-ਫੋੜ

0
4053


ਲੁਧਿਆਣਾ (ਸਾਹਨੇਵਾਲ), 17 ਮਈ | ਲੁਧਿਆਣਾ ਦੇ ਇਲਾਕੇ ਸਾਹਨੇਵਾਲ ਹੇਠ ਆਉਣ ਵਾਲੀ ਗਾਰਡਨ ਸਿਟੀ ਕਲੋਨੀ ‘ਚ ਇੱਕ ਦਹਿਸ਼ਤ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਚਿਆਂ ਵਿਚਕਾਰ ਹੋਈ ਇਕ ਛੋਟੀ ਬਹਿਸਬਾਜੀ ਨੇ ਵੱਡਾ ਰੂਪ ਧਾਰ ਲਿਆ, ਜਦੋਂ ਇੱਕ ਧਿਰ ਦੇ ਲੋਕਾਂ ਨੇ ਦੂਜੇ ਪਰਿਵਾਰ ਦੇ ਘਰ ਤੇ ਹਮਲਾ ਕਰ ਦਿੱਤਾ। ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ‘ਚ ਹਮਲਾਵਰ ਹਥਿਆਰਾਂ ਨਾਲ ਘਰ ‘ਚ ਦਾਖਲ ਹੋ ਰਹੇ ਹਨ, ਗੱਡੀਆਂ ਤੇ ਤੋੜ-ਫੋੜ ਕਰ ਰਹੇ ਹਨ।

ਪਰਿਵਾਰ ਨੇ ਲਗਾਏ ਗੰਭੀਰ ਆਰੋਪ

ਪੀੜਤ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਬੱਚਿਆਂ ਦੇ ਝਗੜੇ ਤੋਂ ਸ਼ੁਰੂ ਹੋਇਆ ਇਹ ਵਿਵਾਦ ਇਕ ਪੱਖ ਵੱਲੋਂ ਯੋਜਨਾਬੱਧ ਹਮਲੇ ‘ਚ ਬਦਲ ਗਿਆ। ਉਨ੍ਹਾਂ ਆਰੋਪ ਲਗਾਇਆ ਕਿ ਹਮਲਾਵਰਾਂ ਨੇ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ‘ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿੱਚ ਘਰ ਦੇ ਕੁਝ ਮੈਂਬਰਾਂ ਨੂੰ ਗੰਭੀਰ ਚੋਟਾਂ ਆਈਆਂ ਹਨ ਅਤੇ ਉਹ ਡਰੇ ਹੋਏ ਹਨ।




ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਪੀੜਤ ਪਰਿਵਾਰ ਦੇ ਆਰੋਪਾਂ ਦੇ ਬਾਵਜੂਦ, ਉਨ੍ਹਾਂ ਦੇ ਖਿਲਾਫ਼ ਹੀ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਪਰਿਵਾਰ ਨੇ ਪੁਲਿਸ ਤੋਂ ਨਿਰਪੱਖ ਜਾਂਚ ਅਤੇ ਇਨਸਾਫ ਦੀ ਮੰਗ ਕੀਤੀ ਹੈ।

ਸੀਸੀਟੀਵੀ ਨੇ ਖੋਲ੍ਹੀ ਹਕੀਕਤ ਦੀ ਪੋਲ

ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ ‘ਚ ਹਮਲਾਵਰ ਸਾਫ਼ ਦਿਖਾਈ ਦੇ ਰਹੇ ਹਨ ਜੋ ਹਥਿਆਰਾਂ ਨਾਲ ਘਰ ‘ਚ ਦਾਖਲ ਹੋ ਕੇ ਤੋੜ-ਫੋੜ ਕਰ ਰਹੇ ਹਨ। ਇੱਕ ਕਾਰ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ।

ਪੁਲਿਸ ਨੇ ਕੀਤੀ ਕਾਰਵਾਈ

ਸੰਪਰਕ ਕਰਨ ‘ਤੇ ਸਾਹਨੇਵਾਲ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੇ ਮੈਡੀਕਲ ਰਿਪੋਰਟ (ਐਮਐਲਆਰ) ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੱਟੀਲ ਹਨ, ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ, ਪਰ ਦੂਜੇ ਪਾਸੇ ਨੂੰ ਵੀ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ।



ਐਸਐਚਓ ਨੇ ਕਿਹਾ:
“ਕਾਨੂੰਨ ਅਨੁਸਾਰ ਜਿਹੜੀ ਵੀ ਕਾਰਵਾਈ ਬਣਦੀ ਹੋਏਗੀ, ਕੀਤੀ ਜਾਵੇਗੀ। ਜੇਕਰ ਕਿਰਪਾਨਾਂ ਜਾਂ ਹੋਰ ਹਥਿਆਰਾਂ ਦੀ ਵੀਡੀਓ ਮਿਲਦੀ ਹੈ, ਤਾਂ ਉਸ ਆਧਾਰ ‘ਤੇ ਵੀ ਜਾਂਚ ਹੋਵੇਗੀ।”