ਖੇਤੀ ਦੇ ਸਹਾਇਕ ਕਿੱਤੇ ਵਜੋਂ ਘੋੜਾ ਪਾਲਣ ਨੂੰ ਤਰਜੀਹ ਦੇਵੇਗੀ ਮਾਨ ਸਰਕਾਰ – ਮੰਤਰੀ ਭੁੱਲਰ

0
2461

ਚੰਡੀਗੜ੍ਹ | ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਖੇਤੀਬਾੜੀ ਦੇ ਸਹਾਇਕ ਕਿੱਤੇ ਵਜੋਂ ਘੋੜਾ ਪਾਲਣ ਨੂੰ ਤਰਜੀਹ ਦੇਵੇਗੀ। ਪਿੰਡ ਜੰਡਿਆਲੀ ਜ਼ਿਲ੍ਹਾ ਲੁਧਿਆਣਾ ਵਿਖੇ ਦੂਜੇ ਅੰਪਾਇਰ ਹੌਰਸ ਕੱਪ-2023 ਦੇ ਇਨਾਮ ਵੰਡ ਸਮਾਗਮ ਦੌਰਾਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਸਣੇ ਬਤੌਰ ਮੁੱਖ ਮਹਿਮਾਨ ਪਹੁੰਚੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਖੇਤਰ ਵਿਚ ਰੋਜ਼ਗਾਰ ਦੇ ਅਥਾਹ ਮੌਕੇ ਹਨ ਅਤੇ ਸਰਕਾਰ ਘੋੜਾ ਪਾਲਣ ਨੂੰ ਆਮ ਕਿਸਾਨ ਵਰਗ ਦੇ ਦਾਇਰੇ ਵਿਚ ਲਿਆਉਣ ਲਈ ਵਿਚਾਰ ਕਰੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਨਸਲ “ਨੁੱਕਰੇ ਘੋੜੇ” ਨੂੰ ਦੂਜੇ ਸੂਬਿਆਂ ਵਿੱਚ ਪ੍ਰਚਾਰਤ ਕਰਨ ਵੀ ਹੰਭਲਾ ਮਾਰਿਆ ਜਾਵੇਗਾ। ਉਨ੍ਹਾਂ ਨਾਲ ਸ. ਹਰਦੀਪ ਸਿੰਘ ਮੁੰਡੀਆਂ ਵਿਧਾਇਕ ਸਾਹਨੇਵਾਲ, ਦਿਲਜੀਤ ਸਿੰਘ ਗਰੇਵਾਲ ਵਿਧਾਇਕ ਲੁਧਿਆਣਾ ਪੂਰਬੀ, ਅਸ਼ੋਕ ਪਰਾਸ਼ਰ ਪੱਪੀ ਵਿਧਾਇਕ ਲੁਧਿਆਣਾ ਕੇਂਦਰੀ ਮੌਜੂਦ  ਸਨ।

ਤਿੰਨ ਦਿਨ ਚੱਲੇ ਇਸ ਹੌਰਸ ਕੱਪ ਵਿਚ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਦਿੱਲੀ, ਉਤਰਾਖੰਡ, ਗੁਜਰਾਤ, ਮਹਾਰਾਸ਼ਟਰ ਤੋਂ ਲਗਭਗ 500 ਘੋੜਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਲਗਭਗ 120 ਘੋੜਿਆਂ ਨੂੰ ਇਨਾਮ ਦਿੱਤੇ ਗਏ।

ਕੈਬਨਿਟ ਮੰਤਰੀਆਂ ਨੇ ਇਨਾਮ ਵੰਡ ਸਮਾਰੋਹ ਦੌਰਾਨ ਸਟਾਲਿਅਨ ਕੈਟਾਗਿਰੀ ਵਿੱਚ ਪਹਿਲੇ ਸਥਾਨ ‘ਤੇ ਰਹੇ ਪੰਜਾਬ ਦੇ ਘੋੜੇ “ਦੁੱਲੇ” ਅਤੇ ਘੋੜੀਆਂ ਵਿੱਚ ਪਹਿਲੇ ਨੰਬਰ ‘ਤੇ ਰਹੀ ਰਾਜਸਥਾਨ ਦੀ ਘੋੜੀ ਮੀਰਾ ਲਈ ਇਨਾਮ ਦਿੱਤੇ। ਪਹਿਲਾ ਇਨਾਮ 71,000 ਰੁਪਏ ਤੇ ਟਰਾਫ਼ੀ ਅਤੇ ਦੂਜਾ ਇਨਾਮ 51,000 ਰੁਪਏ ਦਿੱਤਾ ਗਿਆ। ਇਸ ਤੋਂ ਇਲਾਵਾ ਬਾਕੀ 10 ਘੋੜਿਆਂ ਨੂੰ 21 ਹਜ਼ਾਰ ਤੋਂ ਲੈ ਕੇ 5-5 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ।

ਇਸ ਤੋਂ ਪਹਿਲਾਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੇਲਾ ਗਰਾਊਂਡ ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ ਲਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ। ਕੈਬਨਿਟ ਮੰਤਰੀਆਂ ਨੇ ਵਿਭਾਗ ਵੱਲੋਂ ਖਪਤਕਾਰਾਂ ਦੀ ਜਾਗਰੂਕਤਾ ਲਈ ਚਲਾਈਆਂ ਜਾ ਰਹੀਆਂ ਮੋਬਾਈਲ ਵੈਨਾਂ ਨੂੰ ਵੀ ਵੇਖਿਆ। ਉਨ੍ਹਾਂ ਅਧਿਕਾਰੀਆਂ ਨੂੰ ਦੂਰ-ਦੁਰਾਡੇ ਪਿੰਡਾਂ ਵਿੱਚ ਦੁੱਧ ਉਤਪਾਦਕ ਜਾਗਰੂਕਤਾ ਕੈਂਪਾਂ ਰਾਹੀਂ ਡੇਅਰੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਵੀ ਕੀਤੀ।

ਇਸ ਦੌਰਾਨ ਡੇਅਰੀ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਲਾਈ ਗਈ ਨੁਮਾਇਸ਼ ਅਤੇ ਸਲਾਹ-ਮਸ਼ਵਰਾ ਸਟਾਲ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਸੁਝਾਅ ਸਬੰਧੀ ਫਾਰਮ ਭਰੇ। ਉਨ੍ਹਾਂ ਨਾਲ ਡਾਇਰੈਕਟਰ ਡੇਅਰੀ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।