ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਵੱਲੋਂ ਓਲੰਪੀਅਨ ਮਨਪ੍ਰੀਤ ਸਿੰਘ ਦਾ ਸ਼ਾਨਦਾਰ ਸਵਾਗਤ 413 ਮੈਚਾਂ ਦਾ ਵਿਸ਼ਵ ਰਿਕਾਰਡ ਬਣਾਉਣ ‘ਤੇ ਦਿੱਤੀ ਵਧਾਈ ਮਨਪ੍ਰੀਤ ਨੇ ਪੰਜਾਬ ਸਰਕਾਰ ਦੇ ਸਹਿਯੋਗ ਲਈ ਕੀਤਾ ਵਿਸ਼ੇਸ਼ ਧੰਨਵਾਦ

0
27

ਜਲੰਧਰ : ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ ਦੇ ਆਪਣੇ ਜੱਦੀ ਪਿੰਡ ਮਿੱਠਾਪੁਰ ਪਹੁੰਚਣ ‘ਤੇ ਹਾਕੀ ਪੰਜਾਬ ਦੇ ਪ੍ਰਧਾਨ ਤੇ ਆਮ ਆਦਮੀ ਪਾਰਟੀ ਤੋਂ ਜਲਧੰਰ ਸੈਂਟਰਲ ਹਲਕਾ ਇੰਚਾਰਜ ਸ਼੍ਰੀ ਨਿਤਿਨ ਕੋਹਲੀ ਦੀ ਅਗਵਾਈ ਵਿਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮਿੱਠਾਪੁਰ ਹਾਕੀ ਸਟੇਡੀਅਮ ਵਿਖੇ ਆਯੋਜਿਤ ਇਸ ਸਮਾਗਮ ਦੌਰਾਨ ਨਿਤਿਨ ਕੋਹਲੀ ਨੇ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫੁੱਲਾਂ ਦੇ ਹਾਰ ਪਾ ਕੇ ਜੀ ਆਇਆਂ ਨੂੰ ਆਖਿਆ।

ਮਨਪ੍ਰੀਤ ਦੀ ਪ੍ਰਾਪਤੀ ਦੇਸ਼ ਦਾ ਮਾਣ : ਨਿਤਿਨ ਕੋਹਲੀ
ਇਸ ਮੌਕੇ ਬੋਲਦਿਆਂ ਨਿਤਿਨ ਕੋਹਲੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਨੇ 413 ਅੰਤਰਰਾਸ਼ਟਰੀ ਹਾਕੀ ਮੈਚ ਖੇਡ ਕੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਜਲੰਧਰ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਮਨਪ੍ਰੀਤ ਸਿੰਘ ਅਜੇ 100-150 ਹੋਰ ਮੈਚ ਖੇਡ ਕੇ ਭਾਰਤੀ ਹਾਕੀ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਉਨ੍ਹਾਂ ਭਾਰਤੀ ਟੀਮ ਦੇ ਆਉਣ ਵਾਲੇ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਕਾਮਨਾ ਵੀ ਕੀਤੀ।

ਸਰਕਾਰ ਦੇ ਸਹਿਯੋਗ ਨਾਲ ਬਣਾਏ ਹਾਕੀ ਮੈਦਾਨ ਬਣੇ ਵਰਦਾਨ : ਮਨਪ੍ਰੀਤ
ਮਨਪ੍ਰੀਤ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਪ੍ਰੇਰਿਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਸਹਿਯੋਗ ਸਦਕਾ ਪਿੰਡਾਂ ਵਿਚ ਬਣੇ ਹਾਕੀ ਗਰਾਊਂਡ ਖਿਡਾਰੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਖਿਡਾਰੀਆਂ ਨੇ ਵਿਸ਼ਵਾਸ ਜਤਾਇਆ ਕਿ ਭਾਰਤੀ ਟੀਮ ਆਉਣ ਵਾਲੇ ਵਿਸ਼ਵ ਕੱਪ ਅਤੇ 2028 ਦੀਆਂ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚੇਗੀ। ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੁਨਹਿਰੀ ਭਵਿੱਖ ਯਕੀਨੀ ਬਣਾਉਣ ਲਈ ਖੇਡਾਂ ਵਿਚ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਹਾਕੀ ਯਾਤਰਾ ਮਿੱਠਾਪੁਰ ਮੈਦਾਨ ਤੋਂ ਸ਼ੁਰੂ ਕੀਤੀ ਸੀ, ਜਿਸਨੂੰ ਅਕਸਰ ‘ਹਾਕੀ ਦਾ ਮੱਕਾ’ ਕਿਹਾ ਜਾਂਦਾ ਹੈ ਅਤੇ ਉਸ ਫਾਊਂਡੇਸ਼ਨ ਦੀ ਬਦੌਲਤ ਉਹ ਆਪਣੇ ਮੌਜੂਦਾ ਪੱਧਰ ‘ਤੇ ਪਹੁੰਚੇ ਹਨ।

ਮਨਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸੇ ਮੈਦਾਨ ਵਿਚ ਖੇਡ ਕੇ ਉਹ ਅੱਜ ਭਾਰਤੀ ਹਾਕੀ ਟੀਮ ਵਿਚ ਖੇਡ ਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਵਿਚ ਸਮਰੱਥ ਹੋਏ ਹਨ। ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਮਨਪ੍ਰੀਤ ਨੇ ਕਿਹਾ ਕਿ ਟੀਮ ਇੰਡੀਆ ਆਉਣ ਵਾਲੇ ਵਿਸ਼ਵ ਕੱਪ, ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ ਏਸ਼ੀਅਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ ਵਰਲਡ ਕੱਪ ਵਿਚ ਵੀ ਕੋਰਟ ਮੈਡਲ ਜਿੱਤੇਗੀ। ਇਸ ਦੇ ਨਾਲ ਹੀ ਓਲੰਪਿਕ ਵਿਚ ਵੀ ਗੋਲਡ ਮੈਡਲ ਜਿੱਤਣਾ ਭਾਰਤ ਦਾ ਸੁਪਨਾ ਹੈ, ਉਸ ਨੂੰ ਵੀ ਸਾਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋ-ਲੀਗ ਵਿਚ ਜੂਨੀਅਰ ਤੇ ਸੀਨੀਅਰ ਟੀਮ ਦੀ ਮਨੋਬਲ ਮਜ਼ਬੂਤ ਹੋਇਆ ਹੈ।

ਓਲੰਪਿਕ ‘ਚ ਗੋਲਡ ਮੈਡਲ ਦਾ ਸੁਪਨਾ ਹੋਵੇਗਾ ਸਾਕਾਰ : ਮਨਦੀਪ ਸਿੰਘ
ਮਨਪ੍ਰੀਤ ਦੇ ਸਵਾਗਤ ਬਾਰੇ ਬੋਲਦਿਆਂ, ਫਾਰਵਰਡ ਹਾਕੀ ਖਿਡਾਰੀ ਮਨਦੀਪ ਸਿੰਘ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਤੇ ਕਿਹਾ ਕਿ 413 ਮੈਚ ਖੇਡ ਕੇ ਮਨਪ੍ਰੀਤ ਨੇ ਜੋ ਰਿਕਾਰਡ ਕਾਇਮ ਕੀਤਾ ਹੈ, ਉਸੇ ਲਈ ਉਸ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮਨਦੀਪ ਸਿੰਘ ਨੇ ਕਿਹਾ ਕਿ ਟੀਮ ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ ਅਤੇ ਹੋਰ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ ਸੋਨ ਤਗਮੇ ਜਿੱਤੇਗੀ। ਉਨ੍ਹਾਂ ਅੱਗੇ ਕਿਹਾ ਕਿ ਟੀਮ ਵਿਚ ਜੂਨੀਅਰ ਅਤੇ ਸੀਨੀਅਰ ਖਿਡਾਰੀਆਂ ਦਾ ਮਿਸ਼ਰਣ ਮੈਚ ਜਿੱਤਣਾ ਆਸਾਨ ਬਣਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤੀ ਹਾਕੀ ਟੀਮ ਆਉਣ ਵਾਲੇ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤੇਗੀ ਅਤੇ ਓਲੰਪਿਕ ਲਈ ਕੁਆਲੀਫਾਈ ਕਰ ਕੇ ਗੋਲਡ ਮੈਡਲ ਦਾ ਸੁਪਨਾ ਸਾਕਾਰ ਕਰੇਗੀ।

ਇਸ ਮੌਕੇ ਖੇਡ ਅਤੇ ਪ੍ਰਸ਼ਾਸਨਿਕ ਜਗਤ ਦੀਆਂ ਕਈ ਨਾਮਵਰ ਸ਼ਖਸੀਅਤਾਂ ਮੌਜੂਦ ਸਨ, ਜਿਨ੍ਹਾਂ ਵਿਚ ਡਿਪਟੀ ਮੇਅਰ ਮਲਕੀਤ ਸੁਭਾਣਾ, ਏ.ਸੀ.ਪੀ. ਟ੍ਰੈਫਿਕ ਅਜੈ ਸਿੰਘ, ਓਲੰਪੀਅਨ ਸੰਜੀਵ ਕੁਮਾਰ, ਹਾਕੀ ਸੈਕਟਰੀ ਅਮਰੀਕ ਸਿੰਘ ਪਵਾਰ ਅਤੇ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ (ਐੱਸ.ਐੱਸ.ਪੀ. ਵਿਜੀਲੈਂਸ) ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਨਵਜੋਤ ਸਿੰਘ, ਸੁਰਿੰਦਰ ਸਿੰਘ, ਓਲੰਪੀਅਨ ਮਨਦੀਪ ਸਿੰਘ, ਸਰਬਜੀਤ ਸਿੰਘ ਸਾਬੀ, ਕੁਲਦੀਪ ਸਿੰਘ, ਜ਼ੋਰਾਵਰ ਸਿੰਘ, ਦਵਿੰਦਰ ਸੰਘਾ, ਹਾਕੀ ਖਿਡਾਰੀ ਭੁਪਿੰਦਰ ਸਿੰਘ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇਜਾ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ।