ਹਿਮਾਚਲ : ਜਵਾਲਾ ਜੀ ਜਾ ਰਹੇ ਪੰਜਾਬ ਦੇ ਸ਼ਰਧਾਲੂਆਂ ਦੀ ਟਰਾਲੀ ਖੱਡ ‘ਚ ਡਿਗੀ, ਕਈਆਂ ਦੀਆਂ ਹੱਡੀਆਂ ਟੁੱਟੀਆਂ

0
2770

ਹਿਮਾਚਲ / ਜਗਰਾਓਂ/ਮੋਗਾ।  ਚਿੰਤਪੁਰਨੀ ਨੇੜੇ ਸ਼ੀਤਲਾ ਮੰਦਰ ਨੇੜੇ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਖੱਡ ‘ਚ ਡਿੱਗ ਗਈ। ਹਾਦਸੇ ‘ਚ 10 ਤੋਂ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਚਿੰਤਪੁਰਨੀ ਹਸਪਤਾਲ ਲਿਆਂਦਾ ਗਿਆ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਜਗਰਾਓਂ ਅਤੇ ਮੋਗਾ ਦੇ ਹਨ।

ਬੱਚਿਆਂ ਸਣੇ 20 ਤੋਂ 25 ਸ਼ਰਧਾਲੂ ਸ਼ਨੀਵਾਰ ਰਾਤ ਟਰਾਲੀ ‘ਚ ਸਵਾਰ ਹੋ ਕੇ ਚਿੰਤਪੁਰਨੀ ਮੰਦਰ ਪਹੁੰਚੇ ਸਨ। ਇੱਥੇ ਇੱਕ ਰਾਤ ਠਹਿਰਣ ਤੋਂ ਬਾਅਦ ਐਤਵਾਰ ਸਵੇਰੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਤੋਂ ਬਾਅਦ ਸ਼ੀਤਲਾ ਮੰਦਰ ਗਏ। ਇਸ ਤੋਂ ਬਾਅਦ ਉਹ ਜਵਾਲਾ ਦੇਵੀ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਇਸੇ ਦੌਰਾਨ ਟਰਾਲੀ ਖਾਈ ਵਿੱਚ ਡਿੱਗ ਗਈ, ਜਿਸ ਕਰਕੇ ਕਰੀਬ 12 ਸ਼ਰਧਾਲੂ ਜ਼ਖਮੀ ਹੋ ਗਏ ਹਨ।

ਟਰਾਲੀ ਵਿੱਚ ਛੋਟੇ-ਛੋਟੇ ਬੱਚੇ ਵੀ ਸਨ, ਜਿਨ੍ਹਾਂ ਨੂੰ ਝਰੀਟ ਤੱਕ ਨਹੀਂ ਆਈ। ਹਾਦਸੇ ਤੋਂ ਬਾਅਦ ਨੇੜਲੇ ਪਿੰਡ ਦੇ ਲੋਕਾਂ ਨੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਚਿੰਤਪੁਰਨੀ, ਦੌਲਤਪੁਰ ਅਤੇ ਦਾਦਾਸੀਬਾ ਤੋਂ ਤਿੰਨ ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ। ਪਿੰਡ ਦੇ ਲੋਕਾਂ ਨੇ ਜ਼ਖਮੀ ਸ਼ਰਧਾਲੂਆਂ ਨੂੰ ਖਾਈ ‘ਚੋਂ ਕੱਢ ਕੇ ਤੁਰੰਤ ਐਂਬੂਲੈਂਸ ਰਾਹੀਂ ਇਲਾਜ ਲਈ ਚਿੰਤਪੁਰਨੀ ਹਸਪਤਾਲ ਪਹੁੰਚਾਇਆ।

ਡਰਾਈਵਰ ਮੁਤਾਬਕ ਸੜਕ ਤੰਗ ਹੋਣ ਕਰਕੇ ਉਲਟ ਪਾਸਿਓਂ ਆ ਰਹੀ ਆਲਟੋ ਗੱਡੀ ਦੇ ਲੰਘਣ ਨਾਲ ਟਰਾਲੀ ਖਾਈ ਵਿੱਚ ਜਾ ਡਿੱਗੀ।  

ਚਿੰਤਪੁਰਨੀ ਹਸਪਤਾਲ ਵਿੱਚ ਤਾਇਨਾਤ ਡਾਕਟਰ ਮੋਨਿਕਾ ਅਤੇ ਸ਼ਿਵਾ ਲਖਨਪਾਲ ਨੇ ਦੱਸਿਆ ਕਿ ਇੱਕ ਦਰਜਨ ਦੇ ਕਰੀਬ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। 3 ਸ਼ਰਧਾਲੂਆਂ ਦੀਆਂ ਹੱਡੀਆਂ ਵੀ ਟੁੱਟ ਗਈਆਂ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਟਾਂਡਾ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਦੁਪਹਿਰ 12 ਵਜੇ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਦਾਦਸੀਬਾ ਚੌਕੀ ਦੇ ਇੰਚਾਰਜ ਰਾਜੇਸ਼ ਦਿਵੇਦੀ ਸੂਚਨਾ ਮਿਲਣ ‘ਤੇ ਟੀਮ ਸਣੇ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।