ਹਿਮਾਚਲ : ਪੈਰਾਗਲਾਈਡਿੰਗ ਦੌਰਾਨ ਖੁੱਲ੍ਹੀ ਸੇਫਟੀ ਬੈਲਟ, 250 ਮੀਟਰ ਦੀ ਉਚਾਈ ਤੋਂ ਡਿੱਗਣ ਕਾਰਨ ਲੜਕੀ ਦੀ ਦਰਦਨਾਕ ਮੌਤ

0
284

ਹਿਮਾਚਲ ਪ੍ਰਦੇਸ਼, 12 ਫਰਵਰੀ| ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਪੈਰਾਗਲਾਈਡਰ ਤੋਂ ਡਿੱਗਣ ਕਾਰਨ ਤੇਲੰਗਾਨਾ ਦੀ ਇੱਕ ਲੜਕੀ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਪੈਰਾਗਲਾਈਡਰ ਦੀ ਸੇਫਟੀ ਬੈਲਟ ਖੁੱਲ੍ਹ ਗਈ, ਜਿਸ ਕਾਰਨ ਉਹ ਕਰੀਬ 250 ਮੀਟਰ ਦੀ ਉਚਾਈ ਤੋਂ ਡਿੱਗ ਗਈ।

ਪੈਰਾਗਲਾਈਡਰ ਤੋਂ ਡਿੱਗਣ ਤੋਂ ਬਾਅਦ ਉਹ ਇਕ ਘਰ ਦੀ ਛੱਤ ‘ਤੇ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੜਕੀ ਦੀ ਮੌਤ ਤੋਂ ਬਾਅਦ ਦੋਭੀ ਪੈਰਾਗਲਾਈਡਿੰਗ ਸਾਈਟ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿਤੀ ਗਈ ਹੈ। ਪੁਲਿਸ ਨੇ ਪੈਰਾਗਲਾਈਡਰ ਦੇ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪਾਇਲਟ ਬੱਚੀ ‘ਤੇ ਸੇਫਟੀ ਬੈਲਟ ਠੀਕ ਤਰ੍ਹਾਂ ਨਾਲ ਨਹੀਂ ਲਗਾ ਸਕਿਆ।

ਕੁੱਲੂ ਟੂਰਿਜ਼ਮ ਅਧਿਕਾਰੀ ਸੁਨੈਨਾ ਸ਼ਰਮਾ ਨੇ ਕਿਹਾ ਕਿ ਸਪੱਸ਼ਟ ਹੈ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਪੈਰਾਗਲਾਈਡਿੰਗ ਲਈ ਜਗ੍ਹਾ ਅਤੇ ਉਪਕਰਨ ਠੀਕ ਸਨ, ਪਾਇਲਟ ਰਜਿਸਟਰਡ ਸੀ ਅਤੇ ਮੌਸਮ ਸੰਬੰਧੀ ਕੋਈ ਸਮੱਸਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪੈਰਾਗਲਾਈਡਿੰਗ ਗਤੀਵਿਧੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਮੈਜਿਸਟ੍ਰੇਟ ਜਾਂਚ ਕਰਵਾਉਣ ਦੇ ਹੁਕਮ ਵੀ ਦਿਤੇ ਗਏ ਹਨ।

ਮ੍ਰਿਤਕ ਲੜਕੀ ਦੀ ਪਛਾਣ 26 ਸਾਲਾ ਨਵਿਆ ਵਜੋਂ ਹੋਈ ਹੈ। ਉਹ ਆਪਣੇ ਪਤੀ ਨਾਲ ਤੇਲੰਗਾਨਾ ਵਿਖੇ ਰਹਿੰਦੀ ਸੀ। ਉਹ ਇੱਥੇ ਆਪਣੇ ਪਤੀ ਨਾਲ ਘੁੰਮਣ ਆਈ ਸੀ। ਇਸ ਦੌਰਾਨ ਉਸ ਨੇ ਪੈਰਾਗਲਾਈਡਿੰਗ ਕਰਨ ਬਾਰੇ ਸੋਚਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਹਾਦਸਾ ਉਸ ਨਾਲ ਵਾਪਰੇਗਾ?