ਹਾਈ-ਪ੍ਰੋਫਾਈਲ ਪਰਿਵਾਰ ਦਾ ਬੱਚਾ ਕਿਡਨੈਪ; 2 ਕਰੋੜ ਰੁਪਏ ਦੀ ਮੰਗੀ ਫਿਰੌਤੀ, ਪੁਲਿਸ ਨੇ ਰਾਤੋ-ਰਾਤ ਕੀਤਾ ਐਕਸ਼ਨ 

0
2681

ਪਠਾਨਕੋਟ, 31 ਅਗਸਤ | ਪੰਜਾਬ ‘ਚ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹਨ, ਜਿਨ੍ਹਾਂ ‘ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਹੁਣ ਪਠਾਨਕੋਟ ‘ਚ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਕੱਲ੍ਹ ਦੁਪਹਿਰ ਇੱਕ ਹਾਈ ਪ੍ਰੋਫਾਈਲ ਪਰਿਵਾਰ ਦੇ ਬੱਚੇ ਨੂੰ ਫਿਲਮੀ ਅੰਦਾਜ਼ ਵਿੱਚ ਕਿਡਨੈਪਰਾਂ ਨੇ ਅਗਵਾ ਕਰ ਲਿਆ ਅਤੇ ਇਸ ਕਿਡਨੈਪਿੰਗ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਬੇਟਾ ਅਗਵਾ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ ‘ਚ ਆਈ ਅਤੇ ਬੱਚੇ ਨੂੰ ਭਾਲਣ ਲਈ ਜਾਂਚ ਸ਼ੁਰੂ ਕਰ ਦਿੱਤੀ।



ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ
ਬੱਚੇ ਨੂੰ ਅਗਵਾ ਕਰਨ ਸਮੇਂ ਕਿਡਨੈਪਰਾਂ ਨੇ ਇੱਕ ਚਿੱਠੀ ਵੀ ਸੁੱਟੀ ਸੀ, ਜਿਸ ਵਿੱਚ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਅਗਵਾਕਾਰ ਬੱਚੇ ਦੀ ਕਿਡਨੈਪਿੰਗ ਮਗਰੋਂ ਉਸ ਨੂੰ ਹਿਮਾਚਲ ਵੱਲ ਲੈ ਗਏ ਸਨ, ਜਿਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਮਿਲ ਜਾਣ ਮਗਰੋਂ ਉਨ੍ਹਾਂ ਹਿਮਾਚਲ ਪੁਲਿਸ ਦੀ ਮਦਦ ਲਈ। ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਗੱਡੀ ਹਿਮਾਚਲ ਵੱਲ ਜਾਂਦੀ ਦਿਖਾਈ ਦਿੱਤੀ, ਜਿਸ ਦੇ ਚੱਲਦਿਆਂ ਪੁਲਿਸ ਨੇ ਪੂਰੇ ਹਿਮਾਚਲ ਅਤੇ ਪੰਜਾਬ ਪੁਲਿਸ ਨੂੰ ਚੌਕਸ ਕਰ ਦਿੱਤਾ। ਕੁਝ ਘੰਟਿਆਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਤੋਂ ਪੁਲਿਸ ਨੇ ਬੱਚਾ ਹਿਮਾਚਲ ਦੇ ਨੂਰਪੁਰ ਤੋਂ ਬਰਾਮਦ ਕੀਤਾ। ਪੁਲਿਸ ਮੁਤਾਬਿਕ ਕਿਡਨੈਪਰਾਂ ਵਿੱਚ ਬੀਐੱਸਐੱਫ ਦਾ ਇਕ ਬਰਖਾਸਤ ਕਾਂਸਟੇਬਲ ਵੀ ਹੈ, ਜਿਸ ਦੇ ਖਿਲਾਫ ਪੁਲਿਸ ਵੱਲੋਂ ਕਈ ਮਾਮਲੇ ਦਰਜ ਕੀਤੇ ਗਏ ਹਨ।
ਪੁਲਿਸ ਦਾ ਧੰਨਵਾਦ
ਪੀੜਤ ਪਰਿਵਾਰ ਨੇ ਜਿੱਥੇ ਪੁਲਿਸ ਵੱਲੋਂ ਕੀਤੀ ਇਸ ਫੌਰੀ ਕਾਰਵਾਈ ਲਈ ਪੁਲਿਸ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਉਹ ਆਪਣੇ ਬੱਚੇ ਨੂੰ ਸਹੀ ਸਲਾਮਤ ਮਿਲਣ ‘ਤੇ ਵੀ ਖੁਸ਼ ਹਨ, ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪੁਲਿਸ ਨਾਲ ਵੀ ਤਾਲਮੇਲ ਕੀਤਾ, ਜਿਸ ਦੇ ਚੱਲਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਬੀਐਸਐਫ ਦਾ ਬਰਖ਼ਾਸਤ ਕਾਂਸਟੇਬਲ ਹੈ, ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।