ਲਿਵ-ਇਨ ਰਿਲੇਸ਼ਨਸ਼ਿਪ ‘ਤੇ ਹਾਈਕੋਰਟ ਦੀ ਟਿੱਪਣੀ; ਕਿਹਾ – ਅਜਿਹੇ ਰਿਸ਼ਤੇ ਟਾਈਮ ਪਾਸ ਵਾਂਗ ਅਸਥਾਈ ਹੁੰਦੇ ਹਨ

0
360

ਉਤਰ ਪ੍ਰਦੇਸ਼/ਪ੍ਰਯਾਗਰਾਜ, 24 ਅਕਤੂਬਰ | ਇਲਾਹਾਬਾਦ ਹਾਈਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਆਪਣੀ ਅਹਿਮ ਟਿੱਪਣੀ ‘ਚ ਕਿਹਾ ਕਿ ਇਹ ਟਾਈਮ ਪਾਸ ਹੈ। ਅਜਿਹੇ ਰਿਸ਼ਤਿਆਂ ਵਿਚ ਈਮਾਨਦਾਰੀ ਅਤੇ ਸਥਿਰਤਾ ਦੀ ਕਮੀ ਹੁੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਕਈ ਮਾਮਲਿਆਂ ਵਿਚ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ ਪਰ 20 ਅਤੇ 22 ਸਾਲ ਦੀ ਉਮਰ ਵਿਚ, ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਇਹ ਜੋੜਾ ਸਿਰਫ਼ 2 ਮਹੀਨਿਆਂ ਦੇ ਸਮੇਂ ਵਿਚ ਇਕੱਠੇ ਰਹਿਣ ਦੇ ਯੋਗ ਹੋਵੇਗਾ।

ਉਪਰੋਕਤ ਟਿੱਪਣੀ ਜਸਟਿਸ ਰਾਹੁਲ ਚਤੁਰਵੇਦੀ ਅਤੇ ਜਸਟਿਸ ਮੁਹੰਮਦ ਅਜ਼ਹਰ ਹੁਸੈਨ ਰਿਜ਼ਵੀ ਦੇ ਡਵੀਜ਼ਨ ਬੈਂਚ ਨੇ ਲਿਵ-ਇਨ ਰਿਲੇਸ਼ਨ ‘ਚ ਰਹਿ ਰਹੇ ਇਕ ਅੰਤਰ-ਧਾਰਮਿਕ ਜੋੜੇ ਦੀ ਪੁਲਿਸ ਸੁਰੱਖਿਆ ਦੀ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਕੀਤੀ। ਨੌਜਵਾਨ ਮੁਸਲਿਮ ਹੈ ਜਦਕਿ ਲੜਕੀ ਹਿੰਦੂ ਧਰਮ ਦੀ ਹੈ। ਅਦਾਲਤ ਨੇ ਉਨ੍ਹਾਂ ਦੀ ਪੁਲਿਸ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਮੁੱਖ ਤੌਰ ‘ਤੇ ਅਦਾਲਤ ਨੇ ਆਪਣੇ ਹੁਕਮਾਂ ‘ਚ ਅੱਗੇ ਕਿਹਾ ਕਿ ਅਜਿਹੇ ਜੋੜੇ ਦਾ ਰਿਸ਼ਤਾ ਬਿਨਾਂ ਕਿਸੇ ਸੁਹਿਰਦਤਾ ਦੇ ਵਿਰੋਧੀ ਲਿੰਗ ਪ੍ਰਤੀ ਸਿਰਫ਼ ਖਿੱਚ ਹੈ। ਜ਼ਿੰਦਗੀ ਗੁਲਾਬ ਦਾ ਬਿਸਤਰਾ ਨਹੀਂ ਹੈ, ਬਲਕਿ ਜ਼ਿੰਦਗੀ ਹਰ ਜੋੜੇ ਨੂੰ ਮੁਸ਼ਕਲ ਸਥਿਤੀਆਂ ਅਤੇ ਜ਼ਮੀਨੀ ਹਕੀਕਤਾਂ ਨਾਲ ਪਰਖਦੀ ਹੈ। ਅਜਿਹੇ ਰਿਸ਼ਤੇ ਅਕਸਰ ਸਮਾਂ ਬਿਤਾਉਣ ਵਾਲੇ, ਅਸਥਾਈ ਅਤੇ ਨਾਜ਼ੁਕ ਹੁੰਦੇ ਹਨ।

ਪਟੀਸ਼ਨ ਵਿਚ ਨੱਥੀ ਕੀਤੇ ਤੱਥਾਂ ਦੇ ਅਨੁਸਾਰ, ਨੌਜਵਾਨ ਵਿਰੁੱਧ ਆਈਪੀਸੀ ਦੀ ਧਾਰਾ 366 ਤਹਿਤ ਅਗਵਾ ਕਰਨ ਦੇ ਦੋਸ਼ ਵਿਚ FIR ਦਰਜ ਕੀਤੀ ਗਈ ਸੀ। ਮੁਲਜ਼ਮ ਖ਼ਿਲਾਫ਼ ਲੜਕੀ ਦੀ ਮਾਸੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਅਦਾਲਤ ਵਿਚ ਬਹਿਸ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਦਲੀਲ ਪੇਸ਼ ਕਰਦਿਆਂ ਕਿਹਾ ਕਿ ਲੜਕੀ ਦੀ ਉਮਰ 20 ਸਾਲ ਤੋਂ ਉਪਰ ਹੈ, ਇਸ ਲਈ ਉਸ ਨੂੰ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਪੂਰਾ ਅਧਿਕਾਰ ਹੈ।

ਲੜਕੀ ਨੇ ਆਪਣੀ ਮਰਜ਼ੀ ਨਾਲ ਮੁਸਲਿਮ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਸਰਕਾਰੀ ਵਕੀਲ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਪਹਿਲਾਂ ਹੀ ਉੱਤਰ ਪ੍ਰਦੇਸ਼ ਗੈਂਗਸਟਰ ਐਕਟ ਦੀ ਧਾਰਾ 2/3 ਤਹਿਤ ਦਰਜ ਕੇਸ ਦਾ ਸਾਹਮਣਾ ਕਰ ਰਿਹਾ ਹੈ। ਉਹ ਇਕ ਰੋਡ ਰੋਮੀਓ ਅਤੇ ਭਗੌੜਾ ਹੈ। ਇਸ ਨਾਲ ਲੜਕੀ ਦਾ ਭਵਿੱਖ ਖ਼ਰਾਬ ਹੋ ਸਕਦਾ ਹੈ ਅਤੇ ਉਸ ਦੀ ਜ਼ਿੰਦਗੀ ਵੀ ਬਰਬਾਦ ਹੋ ਸਕਦੀ ਹੈ। ਆਖਿਰਕਾਰ ਅਦਾਲਤ ਨੇ ਜਾਂਚ ਦੇ ਪੜਾਅ ਦੌਰਾਨ ਪਟੀਸ਼ਨਰ ਨੂੰ ਕੋਈ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।