Herpes : ਜਿਨਸੀ ਸੰਬੰਧਾਂ ਕਾਰਨ ਨੌਜਵਾਨਾਂ ‘ਚ ਫੈਲਣ ਵਾਲੇ ਰੋਗ ਦੇ ਲੱਛਣ ਤੇ ਬਚਾਅ

0
1863

ਨੌਜਵਾਨ ਮੁੰਡੇ-ਕੁੜੀਆਂ ਵਿੱਚ ਜਿਨਸੀ ਸੰਚਾਰਿਤ ਰੋਗਾਂ ‘ਚੋਂ ਜੈਨੀਟਲ ਹਰਪਿਸ ਸਭ ਤੋਂ ਆਮ ਬਿਮਾਰੀ ਹੈ। ਜਿਨਸੀ ਸੰਬੰਧਾਂ ਵਿੱਚ ਐਕਟਿਵ ਰਹਿਣ ਵਾਲੇ ਲੋਕਾਂ ਚ ਇਸ ਦਾ ਖ਼ਤਰਾ ਵਧ ਜਾਂਦਾ ਹੈ।

ਹਰਪਿਸ ਵਾਇਰਸ ਨਾਲ 2 ਤਰ੍ਹਾਂ ਦੀ ਲਾਗ ਹੋ ਸਕਦੀ ਹੈ-

1) ਹਰਪਿਸ 1- ਇਸ ਨਾਲ ਮੂੰਹ ਵਿੱਚ ਛਾਲੇ ਹੋ ਸਕਦੇ ਹਨ।

2) ਹਰਪਿਸ 2-ਇਸ ਨਾਲ ਗੁਪਤ ਅੰਗ ਅਤੇ ਜਣਨ ਅੰਗਾਂ ਵਿੱਚ ਛਾਲੇ ਹੋ ਸਕਦੇ ਹਨ।

ਸਰੀਰ ਵਿੱਚ ਵਾਇਰਸ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕਾਂ ‘ਚ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ। ਅਜਿਹੇ ਲੋਕਾਂ ਨਾਲ ਜਿਨਸੀ ਸਬੰਧ ਬਣਾਉਣ ਵੇਲੇ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।

ਪਹਿਲੀ ਵਾਰ ਹਰਪਿਸ ਲਾਗ ਹੋਣ ‘ਤੇ ਇਸ ਨੂੰ ਪ੍ਰਾਇਮਰੀ ਹਰਪਿਸ ਇਨਫੈਕਸ਼ਨ ਕਿਹਾ ਜਾਂਦਾ ਹੈ।

ਕੀ ਹਨ ਇਸ ਦੇ ਲੱਛਣ?

ਅਕਸਰ ਇਸ ਦੇ ਲੱਛਣਾਂ ਵਿੱਚ ਜਣਨ ਅਤੇ ਗੁਪਤ ਅੰਗਾਂ ਵਿੱਚ ਸੋਜਿਸ਼ ਅਤੇ ਜਲਨ ਸ਼ਾਮਿਲ ਹਨ। ਅਜਿਹੇ ਲੱਛਣ ਨਜ਼ਰ ਆਉਣ ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਜਿਨਸੀ ਸੰਬੰਧਾਂ ਤੋਂ 4-7 ਦਿਨਾਂ ਵਿੱਚ ਜਣਨ ਅੰਗਾਂ ਉੱਪਰ ਛਾਲੇ ਵੀ ਹੋ ਸਕਦੇ ਹਨ। ਔਰਤਾਂ ਨੂੰ ਅਜਿਹੇ ਚ ਦਰਦ ਅਤੇ ਸੋਜਿਸ਼ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਿਸ਼ਾਬ ਜਾਣ ਵੇਲੇ ਦਿੱਕਤ ਅਤੇ ਜਲਣ ਵੀ ਹੋ ਸਕਦੀ ਹੈ।

ਪਹਿਲੀ ਲਾਗ ਤੋਂ ਬਾਅਦ ਹੋਣ ਵਾਲੀ ਲਾਗ ਕਾਰਨ ਵਾਇਰਸ ਸਰੀਰ ਵਿੱਚ ਕੁਝ ਸਮੇਂ ਮੌਜੂਦ ਰਹਿੰਦਾ ਹੈ।

ਜੇਕਰ ਇਸ ਦੌਰਾਨ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਜਾਵੇ ਤਾਂ ਵਾਇਰਸ ਦੁਬਾਰਾ ਸਰਗਰਮ ਹੋ ਕੇ ਇਨਫੈਕਸ਼ਨ ਕਰ ਸਕਦਾ ਹੈ। ਇਸ ਨੂੰ ਰਿਕਰੈਂਟ ਜੈਨੀਟਲ ਹਰਪਿਸ ਆਖਦੇ ਹਨ।

ਵਾਇਰਸ ਕਿਉਂ ਦੁਬਾਰਾ ਹੁੰਦਾ ਹੈ ਸਰਗਰਮ?

ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਣ ਤੇ ਇਹ ਵਾਇਰਸ ਦੁਬਾਰਾ ਸਰਗਰਮ ਹੋ ਜਾਂਦਾ ਹੈ।

ਸੱਟ ਦੌਰਾਨ, ਮਾਹਵਾਰੀ ਦੌਰਾਨ, ਬੁਖਾਰ ਦੌਰਾਨ ਚਿੰਤਾ ਜਾਂ ਅਲਟਰਾ ਵਾਇਲੈਟ ਰੌਸ਼ਨੀ ਵਿੱਚ ਜ਼ਿਆਦਾ ਸਮਾਂ ਰਹਿਣ ਨਾਲ ਵਾਇਰਸ ਦੇ ਸਰਗਰਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਸਰੀਰ ਵਿੱਚ ਦਰਦ ਅਤੇ ਚਮੜੀ ਚ ਮਹਿਸੂਸ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਲਾਗ ਦੇ ਇੱਕ ਤੋਂ ਦੋ ਦਿਨਾਂ ਬਾਅਦ ਛਾਲੇ ਵੀ ਚਮੜੀ ਉੱਪਰ ਹੋ ਸਕਦੇ ਹਨ।

ਇਹ ਲੱਛਣ ਪਹਿਲੀ ਵਾਰ ਲਾਗ ਹੋਣ ਤੇ ਜ਼ਿਆਦਾ ਨਜ਼ਰ ਨਹੀਂ ਆਉਂਦੇ। ਉਮਰ ਵੱਧਣ ਦੇ ਨਾਲ ਵਾਰ-ਵਾਰ ਲਾਗ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।

ਕੀ ਮਾਂ ਤੋਂ ਬੱਚੇ ਨੂੰ ਇਹ ਰੋਗ ਲੱਗ ਸਕਦਾ ਹੈ?

ਇਹ ਬਿਮਾਰੀ ਜਿਨਸੀ ਲਾਗ ਵਾਲੀ ਹੈ। ਕੁਝ ਲੋਕਾਂ ਦੇ ਸਰੀਰ ਵਿੱਚ ਲੱਛਣ ਨਜ਼ਰ ਨਾ ਆਉਣ ਦੇ ਬਾਵਜੂਦ ਵਾਇਰਸ ਹੋ ਸਕਦਾ ਹੈ।

ਅਜਿਹੇ ਲੋਕ ਆਪਣੇ ਸਾਥੀ ਨੂੰ ਵੀ ਇਹ ਬਿਮਾਰੀ ਫੈਲਾਅ ਸਕਦੇ ਹਨ। ਅਧਿਐਨ ਰਾਹੀਂ ਪਤਾ ਲੱਗਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਲਾਗ ਦੇ ਕੇਸ ਵੱਧ ਰਹੇ ਹਨ।

ਨੌਜਵਾਨਾਂ ਵਿੱਚ ਇਸ ਦਾ ਵਾਧਾ ਜ਼ਿਆਦਾ ਹੋਇਆ ਹੈ ਕਿਉਂਕਿ ਉਨ੍ਹਾਂ ਚ ਓਰਲ ਸੈਕਸ ਦੀ ਦਰ ਜ਼ਿਆਦਾ ਹੈ।

ਇਸ ਬਿਮਾਰੀ ਦਾ ਮਾਂ ਤੋਂ ਬੱਚੇ ਵਿੱਚ ਫੈਲਣ ਦਾ ਖ਼ਤਰਾ ਵੀ ਰਹਿੰਦਾ ਹੈ ਅਤੇ ਕਈ ਵਾਰ ਗਰਭਪਾਤ ਵੀ ਹੋ ਸਕਦਾ ਹੈ।

ਬੱਚੇ ਦੀ ਗਰਭ ਵਿੱਚ ਮੌਤ ਹੋ ਸਕਦੀ ਹੈ, ਬੱਚੇ ਦੇ ਅੰਗ ਵਿਗੜ ਸਕਦੇ ਹਨ। ਕਈ ਵਾਰ ਬੱਚੇ ਦੀ ਚਮੜੀ ਅਤੇ ਅੱਖਾਂ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।

ਕੀ ਇਸ ਬਿਮਾਰੀ ਨਾਲ ਪੀੜਤ ਲੋਕ ਜਿਨਸੀ ਸੰਬੰਧ ਬਣਾ ਸਕਦੇ ਹਨ?

ਜੇਕਰ ਤੁਹਾਨੂੰ ਇਹ ਬੀਮਾਰੀ ਹੈ ਤਾਂ ਤੁਹਾਨੂੰ ਆਪਣੇ ਸਾਥੀ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।

ਇਸ ਨਾਲ ਹੋਣ ਵਾਲੇ ਖ਼ਤਰੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਨਿਰੋਧ ਦੇ ਇਸਤੇਮਾਲ ਨਾਲ ਇਸ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ।

ਇਸ ਬਿਮਾਰੀ ਦਾ ਕੀ ਇਲਾਜ ਹੈ?

ਇਸ ਬਿਮਾਰੀ ਦਾ ਪਤਾ ਲਗਾਉਣ ਲਈ ਛਾਲਿਆਂ ਅਤੇ ਕਈ ਵਾਰ ਖ਼ੂਨ ਦੀ ਜਾਂਚ ਕੀਤੀ ਜਾਂਦੀ ਹੈ।

ਹਰਪਿਸ ਦੀ ਸ਼੍ਰੇਣੀ ਦਾ ਪਤਾ ਕਰਨ ਲਈ ਕਈ ਵਾਰ ਐਂਟੀਬਾਡੀ ਟੈਸਟ ਵੀ ਸਹਾਇਤਾ ਕਰਦਾ ਹੈ।

ਇਸ ਬਿਮਾਰੀ ਦੀਆਂ ਦਵਾਈਆਂ ਮੌਜੂਦ ਹਨ ਪਰ ਉਸ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਲੈਣਾ ਚਾਹੀਦਾ ਹੈ।