ਕੁਰਨੂਲ, 28 ਜਨਵਰੀ | ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਤੋਂ ਇਕ ਅਜਿਹੀ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਰਿਸ਼ਤਿਆਂ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਕ ਮਹਿਲਾ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਰਸਤੇ ਵਿੱਚ ਘੇਰ ਕੇ HIV ਸੰਕ੍ਰਮਿਤ (ਪਾਜ਼ੇਟਿਵ) ਖ਼ੂਨ ਦਾ ਇੰਜੈਕਸ਼ਨ ਲਗਾ ਦਿੱਤਾ। ਪੁਲਿਸ ਨੇ ਇਸ ਰੂਹ ਕੰਬਾਊ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਮਹਿਲਾ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਲਾਨਿੰਗ ਤਹਿਤ ਮਾਰੀ ਟੱਕਰ, ਫਿਰ ਮਦਦ ਦੇ ਬਹਾਨੇ ਦਿੱਤੀ ਵਾਰਦਾਤ ਨੂੰ ਅੰਜਾਮ ਪੁਲਿਸ ਦੀ ਜਾਂਚ ਮੁਤਾਬਕ ਇਹ ਘਟਨਾ 9 ਜਨਵਰੀ ਦੀ ਦੁਪਹਿਰ ਨੂੰ ਵਾਪਰੀ। ਪੀੜਤ ਮਹਿਲਾ, ਜੋ ਕਿ ਇੱਕ ਨਿੱਜੀ ਮੈਡੀਕਲ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਹੈ, ਆਪਣੀ ਡਿਊਟੀ ਖ਼ਤਮ ਕਰਕੇ ਸਕੂਟਰ ‘ਤੇ ਘਰ ਪਰਤ ਰਹੀ ਸੀ। ਰਸਤੇ ਵਿੱਚ ਦੋ ਵਿਅਕਤੀਆਂ ਨੇ ਜਾਣਬੁੱਝ ਕੇ ਉਸ ਦੀ ਸਕੂਟੀ ਨੂੰ ਬਾਈਕ ਨਾਲ ਟੱਕਰ ਮਾਰ ਦਿੱਤੀ। ਜਿਵੇਂ ਹੀ ਮਹਿਲਾ ਡਿੱਗੀ, ਮੁਲਜ਼ਮ ਮਦਦ ਕਰਨ ਦੇ ਬਹਾਨੇ ਉਸ ਦੇ ਕੋਲ ਪਹੁੰਚੇ ਅਤੇ ਮੌਕਾ ਪਾ ਕੇ ਉਸ ਦੇ ਸਰੀਰ ਵਿੱਚ HIV ਸੰਕ੍ਰਮਿਤ ਖ਼ੂਨ ਦਾ ਇੰਜੈਕਸ਼ਨ ਖੋਭ ਦਿੱਤਾ।
ਸਰਕਾਰੀ ਹਸਪਤਾਲ ਵਿੱਚੋਂ ਇਕੱਠਾ ਕੀਤਾ ਸੀ ‘ਜ਼ਹਿਰੀਲਾ’ ਖ਼ੂਨ ਮਾਮਲੇ ਦੀ ਮੁੱਖ ਮੁਲਜ਼ਮ 34 ਸਾਲਾ ਬੀਆ ਵਸੁੰਧਰਾ ਹੈ, ਜੋ ਪੀੜਤ ਮਹਿਲਾ ਦੇ ਪਤੀ ਦੀ ਸਾਬਕਾ ਪ੍ਰੇਮੀ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਵਸੁੰਧਰਾ ਆਪਣੇ ਪ੍ਰੇਮੀ ਦੇ ਵਿਆਹ ਤੋਂ ਖ਼ਫ਼ਾ ਸੀ ਅਤੇ ਬਦਲਾ ਲੈਣ ਦੀ ਅੱਗ ਵਿੱਚ ਸੜ ਰਹੀ ਸੀ। ਉਸ ਨੇ ਇਸ ਸਾਜ਼ਿਸ਼ ਲਈ ਇਕ ਸਰਕਾਰੀ ਹਸਪਤਾਲ ਵਿੱਚੋਂ ਰਿਸਰਚ ਦੇ ਬਹਾਨੇ HIV ਪੀੜਤ ਮਰੀਜ਼ਾਂ ਦੇ ਖ਼ੂਨ ਦੇ ਸੈਂਪਲ ਹਾਸਲ ਕੀਤੇ ਸਨ। ਇਨ੍ਹਾਂ ਸੈਂਪਲਾਂ ਨੂੰ ਉਸ ਨੇ ਘਰ ਵਿੱਚ ਫਰਿੱਜ ਅੰਦਰ ਸਟੋਰ ਕਰਕੇ ਰੱਖਿਆ ਹੋਇਆ ਸੀ।
ਨਰਸ ਅਤੇ ਉਸ ਦੇ ਦੋ ਬੱਚੇ ਵੀ ਸਾਜ਼ਿਸ਼ ‘ਚ ਸ਼ਾਮਲ ਇਸ ਘਿਣਾਉਣੀ ਵਾਰਦਾਤ ਵਿੱਚ ਵਸੁੰਧਰਾ ਦੇ ਨਾਲ ਜੋਤੀ ਨਾਮ ਦੀ ਇੱਕ ਨਰਸ ਅਤੇ ਉਸ ਦੇ ਦੋ ਬੱਚੇ ਵੀ ਸ਼ਾਮਲ ਸਨ। ਜੋਤੀ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਹੈ ਅਤੇ ਉਸ ਨੇ ਇਸ ਪੂਰੀ ਸਾਜ਼ਿਸ਼ ਨੂੰ ਸਿਰੇ ਚੜ੍ਹਾਉਣ ਵਿੱਚ ਮਦਦ ਕੀਤੀ। ਪੁਲਿਸ ਨੇ 24 ਜਨਵਰੀ ਨੂੰ ਚਾਰਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪੀੜਤ ਮਹਿਲਾ ਦੀ ਹਾਲਤ ਅਤੇ ਪੁਲਿਸ ਦੀ ਕਾਰਵਾਈ ਵਾਰਦਾਤ ਤੋਂ ਬਾਅਦ ਪੀੜਤਾ ਦੇ ਪਤੀ ਦੀ ਸ਼ਿਕਾਇਤ ‘ਤੇ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹਾਲਾਂਕਿ HIV ਵਾਇਰਸ ਸਰੀਰ ਤੋਂ ਬਾਹਰ ਜ਼ਿਆਦਾ ਦੇਰ ਜਿਊਂਦਾ ਨਹੀਂ ਰਹਿੰਦਾ, ਫਿਰ ਵੀ ਪੀੜਤਾ ਨੂੰ ਸਖ਼ਤ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਨੱਥ ਪਾਈ ਜਾ ਸਕੇ।

































