ਮੁਕਤਸਰ ਸਾਹਿਬ, 24 ਜਨਵਰੀ| ਸ੍ਰੀ ਮੁਕਤਸਰ ਸਾਹਿਬ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੇ ਨੌਜਵਾਨ ਸ੍ਰੀ ਮੁਕਤਸਰ ਸਾਹਿਬ ਤੋਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਿੰਡ ਕੋਟਲੀ ਦੇਵਨ ਜਾ ਰਹੇ ਸਨ ਕਿ ਰਸਤੇ ਵਿਚ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਨ੍ਹਾਂ ਦੀ ਉਮਰ ਮਹਿਜ਼ 18 ਤੋਂ 19 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿਤੀ। ਹਾਦਸੇ ਵਿਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਵਿਚ ਹਰਜਿੰਦਰ ਸਿੰਘ ਪੁੱਤਰ ਭੋਲਾ ਸਿੰਘ, ਭੁਪਿੰਦਰ ਸਿੰਘ ਪੁੱਤਰ ਸ਼ਮਿੰਦਰ ਸਿੰਘ ਅਤੇ ਇਕਬਾਲ ਸਿੰਘ ਪੁੱਤਰ ਪਰਵਿੰਦਰ ਸਿੰਘ ਸ਼ਾਮਲ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।