ਹਰਿਆਣਾ ਸਰਕਾਰ ਵੱਲੋਂ 130 ਕਿਸਾਨਾਂ ਖਿਲਾਫ ਪਥਰਾਅ ਅਤੇ ਸੜਕ ਜਾਮ ਕਰਨ ਦੇ ਦੋਸ਼ ‘ਚ ਕੇਸ ਦਰਜ

0
1059

ਕਰਨਾਲ | ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ ‘ਤੇ ਹੋਏ ਲਾਠੀਚਾਰਜ ਮਗਰੋਂ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 130 ਕਿਸਾਨਾਂ ਖਿਲਾਫ ਸੜਕ ਜਾਮ ਕਰਨ ਤੇ ਪਥਰਾਅ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।

ਇਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪੰਜਾਬ ਵਿੱਚ ਸੜਕਾਂ ਜਾਮ ਕੀਤੀਆਂ। ਇਸ ਦੇ ਨਾਲ ਹੀ ਨੂਹ ਵਿੱਚ ਮਹਾਪੰਚਾਇਤ ਵੀ ਸੱਦੀ ਗਈ ਹੈ। 

ਸ਼ਨੀਵਾਰ ਨੂੰ ਕਰਨਾਲ ਦੇ ਬਸਤਾੜਾ ਟੋਲ ‘ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਤੇ ਇਥੋਂ ਦੀ ਸਟੇਜ ਨੂੰ ਹਟਾ ਦਿੱਤਾ ਗਿਆ। ਐਤਵਾਰ ਸਵੇਰੇ ਕਿਸਾਨਾਂ ਨੇ ਮੁੜ ਕਬਜ਼ਾ ਕਰ ਲਿਆ। ਇਥੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਵਾਹਨਾਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਹੀਂ। 3 ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਮੁਫਤ ਕਰਵਾਏ ਹੋਏ ਹਨ। ਇਸੇ ਲੜੀ ਵਿੱਚ ਕਿਸਾਨਾਂ ਨੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ‘ਤੇ ਇਕੱਠ ਕੀਤਾ ਹੋਇਆ ਹੈ।

ਕਿਸਾਨ ਮੋਰਚਾ ਨੇ ਐੱਸਡੀਐੱਮ ਆਯੂਸ਼ ਸਿਨ੍ਹਾ ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ। ਦਰਅਸਲ, ਆਯੂਸ਼ ਸਿਨ੍ਹਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਜੇਕਰ ਕੋਈ ਕਿਸਾਨ ਬੈਰੀਕੇਡ ਦੇ ਸਾਹਮਣੇ ਆ ਜਾਂਦਾ ਹੈ ਤਾਂ ਉਸ ਦਾ ਸਿਰ ਪਾੜ ਦਿਓ। ਵੀਡੀਓ ਵਿੱਚ ਆਯੂਸ਼ ਪੁਲਿਸ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਜੇ ਕੋਈ ਇਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬੱਸ ਉਨ੍ਹਾਂ ਦੇ ਡਾਂਗਾਂ ਮਾਰੋ।

ਕਿਸਾਨ ਸ਼ਨੀਵਾਰ ਕਰਨਾਲ ਵਿੱਚ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਜਾ ਰਹੇ ਸਨ। ਪੁਲਿਸ ਅਤੇ ਜਵਾਨਾਂ ਨੇ ਬਸਤਾੜਾ ਟੋਲ ਪਲਾਜ਼ਾ ‘ਤੇ ਕਿਸਾਨਾਂ ਨੂੰ ਰੋਕਿਆ। ਇਸ ਤੋਂ ਬਾਅਦ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ।

ਪੁਲਿਸ ਨੇ ਕਿਹਾ ਸੀ ਕਿ ਖੇਤਰ ਵਿੱਚ ਧਾਰਾ 144 ਲਾਗੂ ਕੀਤੀ ਗਈ ਸੀ ਤੇ ਕਿਸਾਨਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ।