ਹਰਿਆਣਾ : ਮਸਜਿਦ ‘ਚ ਨਮਾਜ਼ ਅਦਾ ਕਰ ਰਹੇ ਲੋਕਾਂ ‘ਤੇ ਜਾਨਲੇਵਾ ਹਮਲਾ, 15 ਨਮਾਜ਼ੀ ਗੰਭੀਰ ਜ਼ਖਮੀ

0
269

ਹਰਿਆਣਾ| ਸੋਨੀਪਤ ਦੇ ਪਿੰਡ ਸੰਦਲ ਕਲਾਂ ‘ਚ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਕੁਝ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਪਿੰਡ ਦੇ ਲੋਕਾਂ ‘ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਘਰ ‘ਚ ਬਣੀ ਮਸਜਿਦ ‘ਚ ਨਮਾਜ਼ ਅਦਾ ਕਰ ਰਹੇ ਸਨ। ਇਸ ਹਮਲੇ ‘ਚ ਕਰੀਬ 15 ਨਮਾਜ਼ੀ ਜ਼ਖਮੀ ਹੋਏ ਹਨ। ਜਿਸ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਸੋਨੀਪਤ ਦੇ ਸਿਵਲ ਹਸਪਤਾਲ ‘ਚ ਚੱਲ ਰਿਹਾ ਹੈ।

ਰਾਮ ਨੌਮੀ ਵਾਲੇ ਦਿਨ ਸੋਨੀਪਤ ਦੇ ਖਰਖੌਦਾ ‘ਚ ਹਿੰਦੂ ਸੰਗਠਨ ਦੇ ਵਰਕਰਾਂ ਵਲੋਂ ਮਸਜਿਦ ‘ਤੇ ਝੰਡਾ ਲਹਿਰਾਉਣ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਪਿੰਡ ਸੰਦਲ ਕਲਾਂ ‘ਚ ਇਕ ਨਵੀਂ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਦੇ ਹੀ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਦੇ ਇੱਕ ਘਰ ਵਿੱਚ ਬਣੀ ਛੋਟੀ ਮਸਜਿਦ ਵਿੱਚ ਪੁੱਜੇ ਅਤੇ ਰਮਜ਼ਾਨ ਦੀ ਨਮਾਜ਼ ਅਦਾ ਕਰ ਰਹੇ ਸ਼ਰਧਾਲੂਆਂ ’ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਮਸਜਿਦ ਦੀ ਭੰਨਤੋੜ ਵੀ ਕੀਤੀ।

ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਹਮਲੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਡਾਇਲ 112 ਅਤੇ ਸੋਨੀਪਤ ਮਾੜੀ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਉਥੇ ਹੀ ਇਸ ਹਮਲੇ ‘ਚ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ।

ਪਿੰਡ ਵਿੱਚ ਪੁਲਿਸ ਤਾਇਨਾਤ

ਪਿੰਡ ਸੰਦਲ ਕਲਾਂ ਵਿੱਚ ਇਮਾਮ ਦਾ ਕੰਮ ਕਰਦੇ ਮੌਲਵੀ ਮੁਹੰਮਦ ਕੌਸ਼ਰ ਅਤੇ ਹੋਰ ਨਮਾਜ਼ੀਆਂ ਨੇ ਦੱਸਿਆ ਕਿ ਇਸੇ ਪਿੰਡ ਦੇ ਕੁਝ ਨੌਜਵਾਨਾਂ ਨੇ ਉਨ੍ਹਾਂ ’ਤੇ ਉਸ ਵੇਲੇ ਹਮਲਾ ਕਰ ਦਿੱਤਾ, ਜਦੋਂ ਉਹ ਨਮਾਜ਼ ਪੜ੍ਹ ਰਹੇ ਸਨ ਕਿਉਂਕਿ ਰਮਜ਼ਾਨ ਚੱਲ ਰਿਹਾ ਹੈ, ਸਾਰੇ ਲੋਕ ਇਕੱਠੇ ਹੋ ਕੇ ਨਮਾਜ਼ ਅਦਾ ਕਰਦੇ ਹਨ। ਨਮਾਜ਼ ਅਦਾ ਕਰਨ ਵਾਲਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਛੋਟੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ।

ਇਸ ਘਟਨਾ ਤੋਂ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਪਿੰਡ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ ਹੁਣ ਤੱਕ ਇਸ ਮਾਮਲੇ ਵਿੱਚ ਸੋਨੀਪਤ ਪੁਲਿਸ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।