ਲੁਧਿਆਣਾ | ਇਥੋਂ ਦੇ ਕਸਬਾ ਸਾਹਨੇਵਾਲ ‘ਚ ਗੁਰੂ ਗੋਬਿੰਦ ਸਿੰਘ ਮਾਰਗ ‘ਤੇ ਲੱਗੇ ਗੇਟ ਨੂੰ ਤੋੜ ਦਿੱਤਾ ਗਿਆ। ਕੇਂਦਰ ਦੀ ਨੈਸ਼ਨਲ ਹਾਈਵੇ ਅਥਾਰਟੀ ਇਸ ਸੜਕ ਦਾ ਵਿਸਥਾਰ ਅਤੇ ਨਵੀਨੀਕਰਨ ਕਰ ਰਹੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੇਟ ਤੋੜਦਿਆਂ ਇਸ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਅਤੇ ਖੰਡਾ ਸਾਹਿਬ ਦੇ ਨਾਮ ਦੀ ਬੇਅਦਬੀ ਕਰਨ ‘ਤੇ ਇਤਰਾਜ਼ ਜਤਾਇਆ ਹੈ।
SGPC ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ 1972 ਵਿਚ ਹੋਇਆ ਸੀ ਅਤੇ ਇਹ ਸਿੱਖ ਵਿਰਾਸਤ ਦਾ ਹਿੱਸਾ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਉਹ NHAI ਵੱਲੋਂ ਕੀਤੇ ਜਾ ਰਹੇ ਵਿਕਾਸ ਦਾ ਸਵਾਗਤ ਕਰਦੀ ਹੈ ਪਰ ਸਿੱਖ ਚਿੰਨ੍ਹ ਖੰਡਾ ਸਾਹਿਬ ਅਤੇ ਗੁਰੂ ਦੇ ਨਾਮ ਦੀ ਬੇਅਦਬੀ ਅਤਿ ਨਿੰਦਣਯੋਗ ਅਤੇ ਅਸਹਿਣਯੋਗ ਹੈ।
SGPC ਨੇ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਚਿੰਨ੍ਹਾਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੀਲ ਪੱਥਰ ਅਤੇ ਗੇਟ ਨੂੰ ਢਾਹੁਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਖੰਡਾ ਸਾਹਿਬ ਦਾ ਨਾਮ ਹਟਾ ਦਿੱਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ।