ਗੁਰਦਾਸਪੁਰ : ਰਾਸਤਾ ਨਾ ਮਿਲਣ ’ਤੇ 2 ਸਕੇ ਭਰਾਵਾਂ ‘ਤੇ ਚਲਾਈਆਂ ਗੋਲੀਆਂ, ਇਕ ਦੇ ਪੇਟ ‘ਚ ਤੇ ਦੂਜੇ ਦੇ ਗੁਪਤ ਅੰਗਾਂ ‘ਚ ਲੱਗੀਆਂ

0
3741

ਗੁਰਦਾਸਪੁਰ। ਗੁਰਦਾਸਪੁਰ ਦੇ ਬਟਾਲਾ ਤਹਿਤ ਪੈਂਦੇ ਥਾਣਾ ਕਿਲਾ ਲਾਲ ਸਿੰਘ ਦੇ ਪਿੰਡ ਕੋਟ ਮਜਲਿਸ ਵਿਚ ਰਾਸਤਾ ਨਾ ਮਿਲਣ ਉਤੇ ਬਾਈਕ ਸਵਾਰਾਂ ਨੇ ਦੋ ਸਕੇ ਭਰਾਵਾਂ ਉਤੇ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਨਾਲ ਦੋਵੇਂ ਭਰਾ ਜਖਮੀ ਹੋ ਗਏ। ਗੋਲੀ ਲੱਗਣ ਨਾਲ ਜਖਮੀ ਹੋਏ ਨੌਜਵਾਨਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਇਕ ਭਰਾ ਦੇ ਪੇਟ ਤੇ ਦੂਜੇ ਦੇ ਗੁਪਤਅੰਗਾਂ ਵਿਚ ਗੋਲੀ ਲੱਗੀ ਹੈ।

ਪਿੰਡ ਕੋਟ ਮਜਲਿਸ ਦੇ ਰਹਿਣ ਵਾਲੇ ਕਨਵਰਜੀਤ ਸਿੰਘ ਨੇ ਦੱਸਿਆ ਕਿ ਉਹ ਨਵਾਂ ਘਰ ਬਣਾਉਣ ਲਈ ਸ਼ਟਰਿੰਗ ਦਾ ਸਾਮਾਨ ਲਿਆ ਰਹੇ ਸਨ। ਉਹ ਸਕੂਟੀ ਉਤੇ ਸੀ ਤੇ ਉਸਦਾ ਭਰਾ ਅਮਰਜੀਤ ਸਿੰਘ ਪਿੱਛੇ ਰੇਹੜੀ ਉਤੇ ਆ ਰਿਹਾ ਸੀ। ਉਨ੍ਹਾਂ ਦੇ ਪਿੱਛੇ ਇਕ ਹੋਰ ਬਾਈਕ ਉਤੇ 2 ਨੌਜਵਾਨ ਆ ਰਹੇ ਸਨ। ਰਾਸਤਾ ਛੋਟਾ ਹੋਣ ਕਾਰਨ ਉਹ ਬਾਈਕ ਸਵਾਰਾਂ ਨੂੰ ਰਾਸਤੇ ਨਹੀਂ ਦੇ ਸਕੇ। ਬਾਈਕ ਸਵਾਰ ਨੌਜਵਾਨ ਇੰਨੇ ਗੁੱਸੇ ਆ ਗਏ ਕਿ ਅੱਗੇ ਆ ਕੇ ਉਨ੍ਹਾਂ ਨੇ ਰਾਸਤਾ ਰੋਕ ਲਿਆ। ਇਸਦੇ ਬਾਅਦ ਦੋਵਾਂ ਨੌਜਵਾਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਝਗੜਾ ਕਰਨ ਲੱਗੇ।

ਕਨਵੀਰਜੀਤ ਅਨੁਸਾਰ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਕਤ ਨੌਜਵਾਨ ਉਸ ਨਾਲ ਕੁੱਟਮਾਰ ਕਰਨ ਲੱਗੇ। ਪਿੱਛਿਓਂ ਆ ਰਿਹਾ ਉਸਦਾ ਭਰਾ ਵੀ ਆ ਗਿਆ ਤੇ ਸਾਡੀ ਉਨ੍ਹਾਂ ਨਾਲ ਹੱਥੋਪਾਈ ਹੋਣ ਲੱਗ ਪਈ। ਇਸਤੋਂ ਬਾਅਦ ਉਕਤ ਨੌਜਵਾਨਾਂ ਨੇ ਉਨ੍ਹਾਂ ਉਤੇ ਗੋਲੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਕਨਵਰਜੀਤ ਤੇ ਇਕ ਗੋਲੀ ਅਮਰਜੀਤ ਸਿੰਘ ਨੂੰ ਲੱਗੀ।

ਪਿੰਡ ਵਾਲਿਆਂ ਨੇ ਦੱਸਿਆ ਕਿ ਹਮਲਾਵਰ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹਵਾ ਵਿਚ ਫਾਇਰਿੰਗ ਕਰਦੇ ਹੋਏ ਭੱਜ ਗਏ। ਦੋਵਾਂ ਭਰਾਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੌਕੇ ਉਤੇ ਹਾਜਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਦੋਵਾਂ ਭਰਾਵਾਂ ਨੂੰ ਹਮਲਾਵਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉਤੇ ਵੀ ਗੋਲੀ ਚਲਾਈ ਗਈ। ਜੋ ਉਸਦੇ ਸਿਰ ਕੋਲੋਂ ਲੰਘ ਗਈ। ਵਾਰਦਾਤ ਦੌਰਾਨ 4 ਗੋਲੀਆਂ ਚੱਲੀਆਂ। ਪੁਲਿਸ ਥਾਣਾ ਕਿਲਾ ਲਾਲ ਸਿੰਘ ਦੇ ਮੁਖੀ ਸੁਖਚੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਖਮੀਆਂ ਦੇ ਬਿਆਨ ਲੈਣ ਲਈ ਸਿਵਲ ਹਸਪਤਾਲ ਭੇਜਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।