ਗੁਰਦਾਸਪੁਰ ਤੋਂ ਗਰਨੇਡ ਲਾਂਚਰ, 3.79 ਕਿਲੋ ਆਰਡੀਐਕਸ ਬਰਾਮਦ; ਇੱਕ ਗ੍ਰਿਫਤਾਰ

0
3254

ਚੰਡੀਗੜ/ਗੁਰਦਾਸਪੁਰ | ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐਮਐਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐਮਐਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79 ਕਿਲੋ ਆਰ.ਡੀ.ਐਕਸ., 9 ਇਲੈਕਟ੍ਰੀਕਲ ਡੈਟੋਨੇਟਰ ਅਤੇ ਆਈਈਡੀ ਨਾਲ ਸਬੰਧਤ ਟਾਈਮਰ ਡਿਵਾਈਸਾਂ ਦੀ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਮੋਹਨੀਸ਼ ਚਾਵਲਾ ਨੇ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਯੂਬੀਜੀਐਲ, 150 ਮੀਟਰ ਲੰਮੀ ਰੇਂਜ ਵਾਲੀ ਇੱਕ ਛੋਟੀ ਰੇਂਜ ਦਾ ਗ੍ਰੇਨੇਡ ਲਾਂਚਿੰਗ ਏਰੀਆ ਹਥਿਆਰ ਹੈ ਅਤੇ ਇਹ ਵੀਵੀਆਈਪੀ ਸੁਰੱਖਿਆ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।

ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਮਲਕੀਤ ਸਿੰਘ ਦੇ ਖੁਲਾਸੇ ‘ਤੇ ਕੀਤੀ ਗਈ, ਜਿਸ ਨੂੰ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਗੁਰਦਾਸਪੁਰ ਪੁਲਸ ਵਲੋਂ ਵੀਰਵਾਰ ਨੂੰ ਗਿ੍ਰਫਤਾਰ ਕੀਤਾ ਸੀ। ਪੁਲਿਸ ਨੇ ਮਲਕੀਤ ਦੇ ਸਾਥੀ-ਸਾਜਿਸ਼ਘਾੜਿਆਂ , ਜਿਨਾਂ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਸੁੱਖ ਘੁੰਮਣ, ਥਰਨਜੋਤ ਸਿੰਘ ਉਰਫ ਥੰਨਾ ਅਤੇ ਸੁਖਮੀਤਪਾਲ ਸਿੰਘ ਉਰਫ ਸੁੱਖ ਬਿਖਾਰੀਵਾਲ ; ਸਾਰੇ ਗੁਰਦਾਸਪੁਰ ਦੇ ਵਸਨੀਕ ਇਸ ਤੋਂ ਇਲਾਵਾ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਭਗੌੜੇ ਹੋਏ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵਜੋਂ ਹੋਈ ਹੈ, ’ਤੇ ਵੀ ਮੁਕੱਦਮਾ ਦਰਜ ਕੀਤਾ ਹੈ।

ਆਈਜੀ ਮੋਹਨੀਸ਼ ਚਾਵਲਾ ਨੇ ਕਿਹਾ ਕਿ ਇਸ ਮਾਮਲੇ ਦੀ ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗਿ੍ਰਫਤਾਰ ਕੀਤਾ ਦੋਸ਼ੀ ਮਲਕੀਤ , ਸੁੱਖ ਘੁੰਮਣ ਦੇ ਸਿੱਧੇ ਸੰਪਰਕ ਵਿੱਚ ਸੀ। ਜ਼ਿਕਰਯੋਗ ਹੈ ਕਿ ਸੁੱਖ ਘੁੰਮਣ ਉਹੀ ਮੁਲਜ਼ਮ ਹੈ ਜਿਸ ਨੇ ਯੂਏ (ਪੀ) ਐਕਟ ਤਹਿਤ ਇੱਕ ਵਿਅਕਤੀਗਤ ਨਾਮਜ਼ਦ ਅੱਤਵਾਦੀ ਆਈ.ਐਸ.ਵਾਈ.ਐਫ ਮੁਖੀ ਲਖਬੀਰ ਰੋਡੇ ਅਤੇ ਮੋਗਾ ਦਾ ਮੂਲ ਨਿਵਾਸੀ ਤੇ ਹੁਣ ਕਨੇਡਾ ਰਹਿ ਰਹੇ ਭਗੌੜੇ ਗੈਂਗਸਟਰ ਅਰਸ਼ ਡੱਲਾ, ਨਾਲ ਸਾਜ਼ਿਸ਼ ਰਚੀ ਸੀ। ਉਨਾਂ ਦੱਸਿਆ ਕਿ ਵਿਸਫੋਟਕਾਂ ਦੀ ਖੇਪ ਲਖਬੀਰ ਰੋਡੇ ਨੇ ਪਾਕਿਸਤਾਨ ਤੋਂ ਭੇਜੀ ਸੀ।

ਐਸ.ਐਸ.ਪੀ ਗੁਰਦਾਸਪੁਰ ਨਾਨਕ ਸਿੰਘ ਨੇ ਦੱਸਿਆ ਕਿ ਹੁਣ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਹੋਈਆਂ ਹਥਿਆਰਾਂ/ਵਿਸਫੋਟਕ ਖੇਪਾਂ, ਜਿਸ ਵਿੱਚ ਮਲਕੀਤ ਸਿੰਘ ਦੀ ਭੂਮਿਕਾ ਸਪੱਸ਼ਟ ਹੋਈ ਹੈ, ਅਸਲ ਵਿੱਚ ਐਸਬੀਐਸ ਨਗਰ ਪੁਲੀਸ ਵੱਲੋਂ ਹਾਲ ਹੀ ਵਿੱਚ ਪਰਦਾਫਾਸ਼ ਕੀਤੇ ਅੱਤਵਾਦੀ ਮਾਡਿਊਲ ਦੀ ਕਾਰਵਾਈ ਵਿੱਚ ਵਰਤੀ ਜਾਣੀਆਂ ਸਨ।

ਉਨਾਂ ਦੱਸਿਆ ਕਿ 16 ਅਕਤੂਬਰ 2020 ਨੂੰ ਭਿੱਖੀਵਿੰਡ ਵਿਖੇ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਤੋਂ ਇਲਾਵਾ ਅਗਸਤ 2021 ਵਿੱਚ ਜਲੰਧਰ ਤੋਂ ਉਸਦੇ ਰਿਸ਼ਤੇਦਾਰ ਗੁਰਮੁਖ ਸਿੰਘ ਰੋਡੇ ਤੋਂ ਟਿਫਿਨ ਆਈ.ਈ.ਡੀ., ਆਰ.ਡੀ.ਐਕਸ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਵਿੱਚ ਵੀ ਲਖਬੀਰ ਰੋਡੇ ਦੀ ਭੂਮਿਕਾ ਪਾਈ ਗਈ ਹੈ। ਐਸ.ਬੀ.ਐਸ. ਨਗਰ ਵਿਖੇ ਹਾਲ ਹੀ ਵਿੱਚ ਪਰਦਾਫਾਸ਼ ਕੀਤੇ ਗਏ ਦਹਿਸ਼ਤੀ ਮਾਡਿਊਲ ਵਿੱਚ ਵੀ ਲਖਬੀਰ ਰੋਡੇ ਪ੍ਰਮੁੱਖ ਪਾਇਆ ਗਿਆ ਹੈ। ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ, ਜੋ ਕਿ ਇਸ ਸਮੇਂ ਤਿਹਾੜ ਜੇਲ, ਦਿੱਲੀ ਵਿੱਚ ਬੰਦ ਹੈ, ਵੀ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਅਤੇ 10 ਫਰਵਰੀ 2020 ਨੂੰ ਧਾਰੀਵਾਲ ਵਿਖੇ ਹਨੀ ਮਹਾਜਨ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਸ਼ਾਮਲ ਸੀ। ਉਸ ਨੂੰ ਦਸੰਬਰ, 2020 ਵਿੱਚ ਦੁਬਈ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਸੁੱਖ ਭਿਖਾਰੀਵਾਲ ਨੇ ਇਹਨਾਂ ਜੁਰਮਾਂ ਨੂੰ ਅੰਜਾਮ ਦੇਣ ਲਈ ਪੈਦਲ ਸਿਪਾਹੀ, ਹਥਿਆਰ ਅਤੇ ਗੋਲਾ-ਬਾਰੂਦ, ਲੌਜਿਸਟਿਕਸ, ਫੰਡ ਆਦਿ ਪ੍ਰਦਾਨ ਕੀਤੇ ਸਨ।

ਜਿਕਰਯੋਗ ਹੈ ਕਿ ਨਵੰਬਰ-ਦਸੰਬਰ 2021 ਦੌਰਾਨ, ਗੁਰਦਾਸਪੁਰ ਪੁਲਿਸ ਨੇ ਪਾਕਿਸਤਾਨ ਵਲੋਂ ਨਿਯੰਤਰਿਤ ਦੋ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਸੀ ਅਤੇ ਮੌਡਿਊਲ ਦੇ ਚਾਰ ਮੈਂਬਰਾਂ ਨੂੰ ਗਿ੍ਰਫਤਾਰ ਕਰਨ ਤੋਂ ਇਲਾਵਾ ਲਗਭਗ 1 ਕਿਲੋ ਆਰਡੀਐਕਸ, 6 ਹੈਂਡ ਗ੍ਰਨੇਡ, 1 ਟਿਫਨ ਬਾਕਸ ਆਈਈਡੀ, ਤਿੰਨ ਇਲੈਕਟਿ੍ਰਕਲ ਡੈਟੋਨੇਟਰ ਅਤੇ ਦੋ ਪਿਸਤੌਲ ਬਰਾਮਦ ਕੀਤੇ ਸਨ।