ਗੁਰਦਾਸਪੁਰ : ਬਾਬਾ ਬੰਦਾ ਸਿੰਘ ਬਹਾਦੁਰ ਗੁਰਦੁਆਰਾ ਸਾਹਿਬ ‘ਚ ਬੇਅਦਬੀ, ਗੁਟਕਾ ਸਾਹਿਬ ਦੇ ਪੰਨੇ ਪਾੜਨ ਦੀ ਕੋਸ਼ਿਸ਼

0
1737

ਗੁਰਦਾਸਪੁਰ । ਕਲਾਨੌਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਵਿਚ ਪਹੁੰਚੇ ਨੇੜੇ ਦੇ ਇੱਕ ਪਿੰਡ ਦੇ ਨੌਜਵਾਨਾਂ ਨੇ ਇੱਕ ਔਰਤ ਦੇ ਹੱਥ ਵਿਚ ਗੁਟਕਾ ਸਾਹਿਬ ਖੋਹ ਕੇ ਪਾੜਨ ਦੀ ਕੋਸ਼ਿਸ਼ ਕੀਤੀ ਪਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਬਲਕਾਰ ਸਿੰਘ ਨੇ ‌ ਇਹ ਵੇਖ ਲਿਆ ਤੇ ਉਸ ਨੂੰ ਮੌਕੇ ’ਤੇ ਫੜ ਲਿਆ। ਖਬਰ ਫੈਲਦੇ ਹੀ ਗੁਰਦੁਆਰਾ ਸਾਹਿਬ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਦੋਸ਼ੀ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਉਸ ਦੀ ਮਾਰਕੁਟਾਈ ਵੀ ਕੀਤੀ ਗਈ।


ਘਟਨਾ ਦੀ ਜਾਣਕਾਰੀ ਦਿੰਦਿਆਂ ਬਾਬਾ ਬਲਕਾਰ ਸਿੰਘ ਪੁੱਤਰ ਨੇ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਹਨ। ਬੀਤੇ ਦਿਨ ਉਹ ਗੁਰਦੁਆਰਾ ਸਾਹਿਬ ਅੰਦਰ ਹਾਜਰ ਸੀ ਕਿ ਦੁਪਹਿਰ 2 ਵਜੇ ਦੇ ਕਰੀਬ  ਇਕ ਕੇਸਧਾਰੀ ਨੌਜਵਾਨ ਗੁਰੂ ਘਰ ਆਇਆ ਤੇ ਮੱਥਾ ਟੇਕ ਕੇ ਉਨ੍ਹਾਂ ਲਾਗੇ ਬੈਠ ਗਿਆ। ਇਹ ਨੌਜਵਾਨ ਸ਼ਾਮ 6 ਵਜੇ ਤੱਕ ਗੁਰਦੁਆਰਾ ਸਾਹਿਬ ਵਿਚ ਬੈਠਾ ਸੀ।

ਅਚਾਨਕ  ਛੇ ਵਜੇ ਦੇ ਕਰੀਬ ਉਕਤ ਲੜਕਾ ਉਠ ਕੇ ਸ੍ਰੀ ਗੂਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰਨ ਲੱਗ ਪਿਆ। ਥੋੜ੍ਹੇ ਸਮੇਂ ਬਾਅਦ ਇੱਕ ਬੀਬੀ ਰਜਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਕਲਾਨੋਰ ਗੂਰੂ ਘਰ ਆ ਕੇ ਮੱਥਾ ਟੇਕ ਕਿ ਬੈਠ ਕੇ ਪਾਠ ਕਰਨ ਲੱਗੀ ਤੇ ਉਹ ਬੀਬੀ ਰਜਿੰਦਰ ਕੋਰ ਕੋਲੋਂ ਗੁਟਕਾ ਸਾਹਿਬ ਲੈਣ ਦੀ ਮੰਗ ਕਰਨ ਲੱਗਾ। ਜਦੋਂ ਬੀਬੀ ਵੱਲੋ ਗੁਟਕਾ ਸਾਹਿਬ ਦੇਣ ਤੋਂ ਨਾਂਹ ਕੀਤੀ ਤਾਂ ਉਸ ਨੇ ਬੀਬੀ ਰਜਿੰਦਰ ਕੌਰ ਕੋਲੋਂ ਗੁਟਕਾ ਸਾਹਿਬ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਗੁੱਟਕਾ ਸਾਹਿਬ ਦੇ ਦੋ ਪੰਨਿਆ ਨੂੰ ਨੁਕਸਾਨ ਹੋ ਗਿਆ।

ਇਸ ਦੌਰਾਨ ਉਨ੍ਹਾਂ ਅਤੇ ਮੱਥਾ ਟੇਕਣ ਆਏ ਨਿਰਮਲ ਸਿੰਘ ਨੇ ਨੌਜਵਾਨ ਨੂੰ ਫੜ ਲਿਆ ਅਤੇ ਪੁੱਛਗਿੱਛ ਸ਼ੁਰੂ ਕੀਤੀ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਹੋਰ ਵੀ ਕਾਫੀ ਸੰਗਤ ਇਕੱਠੀ ਹੋ ਗਈ ਅਤੇ ਫੜੇ ਗਏ ਨੌਜਵਾਨਾਂ ਦੀ ਮਾਰਕੁਟਾਈ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਦੇਰ ਰਾਤ ਪੁਲਿਸ ਵੱਲੋਂ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ‌ ਅਜੇ ਤੱਕ ਕੋਈ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੈਮਰੇ ਦੇ ਸਾਹਮਣੇ ਨਹੀਂ ਆਇਆ ਹੈ।

ਦੋਸ਼ੀ ਦੀ ਪਹਿਚਾਣ ਗੁਰਲਾਲ ਸਿੰਘ ਵਾਸੀ ਪਿੰਡ ਮੰਝ ਥਾਣਾ ਕਲਾਨੌਰ ਵਜੋਂ ਹੋਈ ਹੈ। ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋਇਆ ਕਿ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਪਿੱਛੇ ਦੋਸ਼ੀ ਦਾ ਕੀ ਉਦੇਸ਼ ਸੀ।