ਗੁਰਦਾਸਪੁਰ : ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਸਹੁਰੇ ਘਰ ਕੇਕ ਲੈ ਕੇ ਪੁੱਜੀ ਵਿਆਹੁਤਾ, ਥੋੜ੍ਹੀ ਦੇਰ ਬਾਅਦ ਪੱਖੇ ਨਾਲ ਲਟਕਦੀ ਮਿਲੀ

0
1232

ਗੁਰਦਾਸਪੁਰ| ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਕਾਦੀਆਂ ਵਿਖੇ ਭੇਦਭਰੇ ਹਾਲਾਤ ’ਚ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਵਿਆਹੁਤਾ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਸਮਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਨਿਸ਼ਾ ਪੁੱਤਰੀ ਪ੍ਰਵੇਜ਼ ਵਾਸੀ ਰੁੜਕੀ ਦਾ ਵਿਆਹ ਕਾਦੀਆਂ ਦੇ ਰਹਿਣ ਵਾਲੇ ਗੁਰਪ੍ਰੀਤ ਨਾਲ ਕਰੀਬ 3 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਪਤੀ ਵੀ ਕਰੀਬ 3 ਮਹੀਨੇ ਪਹਿਲਾਂ ਇਟਲੀ ਚਲਾ ਗਿਆ ਸੀ, ਜਿਸ ਤੋਂ ਬਾਅਦ ਨਿਸ਼ਾ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਵਿਆਹ ਦੀ ਵਰ੍ਹੇਗੰਢ ਹੋਣ ਕਰਕੇ ਕੇਕ ਵਗੈਰਾ ਲੈ ਕੇ ਉਹ ਕਾਦੀਆਂ ਵਿਖੇ ਆਪਣੇ ਸਹੁਰੇ ਘਰ ਆਈ ਸੀ।

ਘਰ ਆਉਂਦਿਆਂ ਹੀ ਨਿਸ਼ਾ ਆਪਣੇ ਕਮਰੇ ‘ਚ ਚਲੀ ਗਈ। ਇਸ ਦੌਰਾਨ ਉਸ ਨੇ ਕਮਰਾ ਅੰਦਰੋਂ ਬੰਦ ਕਰ ਲਿਆ ਅਤੇ ਕੁਝ ਚਿਰ ਬਾਅਦ ਉਸ ਦੇ ਸਹੁਰੇ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ, ਜਿਸ ’ਤੇ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਨਿਸ਼ਾ ਨੇ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ ਹੈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਕਬਜ਼ੇ ‘ਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਜੋ ਕੋਈ ਵੀ ਇਸ ਪਿੱਛੇ ਦੋਸ਼ੀ ਪਾਇਆ ਗਿਆ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।