ਗੁਰਦਾਸਪੁਰ, 29 ਦਸੰਬਰ| ਬੇਸ਼ੱਕ ਨਸ਼ੇ ‘ਤੇ ਲਗਾਮ ਕੱਸਣ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਜੁਟੀ ਹੋਈ ਹੈ। ਪਰ, ਇਸ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਲਵਾਰਿਸ ਲਾਸ਼ ਇੱਕ ਗਰਾਊਂਡ ਵਿੱਚੋਂ ਬਰਾਮਦ ਹੋਈ। ਇਸ ਦਾ ਪਤਾ ਉਸ ਵੇਲੇ ਚੱਲਿਆ, ਜਦੋਂ ਮੌਕੇ ‘ਤੇ ਕੁਝ ਸਥਾਨਕ ਲੋਕ ਘੁੰਮ ਰਹੇ ਸਨ ਅਤੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਉੱਥੇ ਦੇਖਿਆ।
ਦੇਖਣ ਵਾਲਿਆਂ ਮੁਤਾਬਿਕ ਨੌਜਵਾਨ ਦੀ ਬਾਂਹ ਉੱਤੇ ਟੀਕਾ ਲੱਗਿਆ ਹੋਇਆ ਸੀ ਅਤੇ ਉਸ ਦੇ ਕੋਲ ਨਸ਼ੀਲੇ ਪਦਾਰਥ ਵੀ ਪਏ ਹੋਏ ਸਨ। ਲਾਸ਼ ਨੂੰ ਦੇਖਦਿਆਂ ਹੀ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਨੌਜਵਾਨ ਦੀ ਪਛਾਣ ਹੋਣੀ ਬਾਕੀ ਹੈ, ਪਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ‘ਤੇ ਲਾਸ਼ ਦੇਖਣ ਵਾਲੇ ਪ੍ਰਗਟ ਸਿੰਘ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ‘ਤੇ ਨੌਜਵਾਨ ਲਗਾਤਾਰ ਨਸ਼ਾ ਕਰਦੇ ਨਜ਼ਰ ਆਉਂਦੇ ਹਨ। ਪੁਲਿਸ ਨੇ ਇਸ ਜਗ੍ਹਾ ਉੱਤੇ ਛਾਪੇਮਾਰੀ ਕੀਤੀ ਹੈ, ਪਰ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਹੀਂ ਆਉਂਦੇ।