ਗੁਰਦਾਸਪੁਰ, 2 ਫਰਵਰੀ | ਕ੍ਰਿਸਚੀਅਨ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ ‘ਤੇ ਇੱਟਾਂ ਵਰ੍ਹਾਈਆਂ। ਆਪਸੀ ਲੜਾਈ ‘ਚ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ। ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਨੂਰਪੁਰ ਵਿਚ ਦੇਰ ਰਾਤ 2 ਕ੍ਰਿਸਚੀਅਨ ਪਰਿਵਾਰਾਂ ਦੀ ਲੜਾਈ ਹੋਈ।
ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਈਸਾਈ ਪਰਿਵਾਰਾਂ ਵਿਚ ਝਗੜਾ ਹੋਇਆ ਤੇ ਝਗੜਾ ਇੰਨਾ ਵਧ ਗਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਗਿਆ। ਇਕ ਪਰਿਵਾਰ ਦੇ ਮੈਂਬਰਾਂ ਵੱਲੋਂ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਉਤੇ ਚੜ੍ਹ ਕੇ ਦੂਸਰੇ ਪਰਿਵਾਰ ਦੇ ਉੱਪਰ ਇੱਟਾਂ ਰੋੜੇ ਸੁੱਟੇ ਗਏ ਅਤੇ ਉਸਦੇ ਜਵਾਬ ਵਿਚ ਦੂਸਰੇ ਪਾਸੇ ਤੋਂ ਵੀ ਇੱਟਾਂ ਰੋੜੇ ਗੁਰਦੁਆਰਾ ਸਾਹਿਬ ਵਿਚ ਮਾਰੇ ਗਏ।
ਗੁਰਦੁਆਰਾ ਸਿੰਘ ਸਭਾ ਨੂਰਪੁਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਸੈਕਟਰੀ ਬਲਵਿੰਦਰ ਸਿੰਘ ਤੇ ਜਗਰੂਪ ਸਿੰਘ ਨੇ ਕਿਹਾ ਕਿ ਈਸਾਈ ਪਰਿਵਾਰਾਂ ਨੇ ਜਾਣ-ਬੁੱਝ ਕੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਮੌਕੇ ਉਤੇ ਪਹੁੰਚੇ ਡੀਐਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਅਤੇ ਸੀਸੀਟੀਵੀ ਫੁਟੇਜ ਮੁਤਾਬਕ ਜੋ ਵੀ ਦੋਸ਼ੀ ਹਨ, ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਸੁਣਦਿਆਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲਾ ਆਗੂ ਗੁਰਪ੍ਰੀਤ ਸਿੰਘ ਜੀ ਖਾਨਪੁਰ ਅਤੇ ਸਤਿਕਾਰ ਕਮੇਟੀ ਦੇ ਆਗੂ ਸਤਨਾਮ ਸਿੰਘ ਵੀ ਸਾਥੀਆਂ ਸਮੇਤ ਪਹੁੰਚੇ।
ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/1102430451205813