ਗੁਰਦਾਸਪੁਰ : ਵਰਕ ਪਰਮਿਟ ‘ਤੇ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਘਰ ‘ਚ ਵਿਛੇ ਸੱਥਰ

0
1353

ਗੁਰਦਾਸਪੁਰ| ਬਟਾਲਾ ਦੇ ਨਜ਼ਦੀਕੀ ਪਿੰਡ ਸਰਵਾਲੀ ਤੋਂ ਬਹੁਤ ਹੀ ਦੁਖੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਨੌਜਵਾਨ ਸਰਦੂਲ ਸਿੰਘ ਦੀ ਕੈਨੇਡਾ ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ। ਸਰਵਾਲੀ ਦਾ ਨੌਜਵਾਨ ਸਰਦੂਲ ਸਿੰਘ ਜੋ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਵਰਕ ਪਰਮਿਟ ‘ਤੇ ਗਿਆ ਸੀ।

ਮ੍ਰਿਤਕ  ਸਰਦੂਲ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੁੱਤਰ ਸਰਦੂਲ ਸਿੰਘ ਨੂੰ ਬੜੇ ਚਾਵਾਂ ਨਾਲ ਕੈਨੇਡਾ ( ਸਰੀ) ਭੇਜਿਆ ਸੀ । ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਨੂੰ ਫੋਨ ‘ਤੇ ਸਰਦੂਲ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਹਾਰਟ ਅਟੈਕ ਆਇਆ ਤੇ ਉਸਦੀ ਮੌਤ ਹੋ ਗਈ ਹੈ।

ਸਰਦੂਲ ਸਿੰਘ ਅਜੇ ਕੁਆਰਾ ਸੀ ਅਤੇ ਘਰ ਦਾ ਛੋਟਾ ਅਤੇ ਲਾਡਲਾ ਪੁੱਤ ਸੀ। ਉਸਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਮਾਂ ਪੁੱਤ ਦਾ ਚਿਹਰਾ ਆਖਰੀ ਵਾਰ ਵੇਖਣ ਲਈ ਤਰਸ ਰਹੀ ਹੈ। ਨੌਜਵਾਨ ਸਰਦੂਲ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮਦਦ ਲਈ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਆਪਣੇ ਹੱਥੀਂ ਉਹ ਅੰਤਿਮ ਰਸਮਾਂ ਕਰ ਸਕਣ।