10 ਸਾਲ ਚੱਲੇ ਮੁਕੱਦਮੇ ‘ਚੋਂ ਗੁਰਚਰਨ ਸਿੰਘ ਸਿਆਲ ਬਰੀ

0
289

ਜਲੰਧਰ, 13 ਮਾਰਚ | ਜਲੰਧਰ-ਫਗਵਾੜਾ ਹਾਈਵੇ ‘ਤੇ ਸਥਿਤ ਕ੍ਰਿਸ਼ਨਾ ਰਿਜ਼ੋਰਟਸ ਨਾਲ ਜੁੜੇ ਇਕ ਦਸ ਸਾਲ ਪੁਰਾਣੇ ਧੋਖਾਧੜੀ ਦੇ ਮਾਮਲੇ ‘ਚ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜੀਸਟਰੇਟ (ਏ.ਸੀ.ਜੇ.ਐਮ.) ਹਰਪ੍ਰੀਤ ਕੌਰ ਦੀ ਅਦਾਲਤ ਨੇ ਉੱਘੇ ਚਾਰਟਰਡ ਅਕਾਉਂਟੈਂਟ ਗੁਰਚਰਨ ਸਿੰਘ ਸਿਆਲ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਸੁਣਵਾਈ ਦੌਰਾਨ ਲੋੜੀਂਦੇ ਸਬੂਤ ਦੀ ਘਾਟ ਦੇ ਮੱਦੇਨਜ਼ਰ ਗੁਰਚਰਨ ਸਿੰਘ ਸਿਆਲ ਦੇ ਹੱਕ ‘ਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ। ਸ. ਗੁਰਚਰਨ ਸਿੰਘ ਸਿਆਲ ਦੀ ਤਰਫੋਂ ਪੇਸ਼ ਹੋਏ ਉੱਘੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਦੱਸਿਆ ਕਿ ਇਹ ਮਾਮਲਾ ਐਮ. ਬੀ.ਡੀ. ਗਰੁੱਪ ਨਾਲ ਜੁੜੇ ਮੈਸਰਜ਼ ਕ੍ਰਿਸ਼ਨਾ ਰੀਅਲ ਅਸਟੇਟ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਨਾਲ ਸੰਬੰਧਿਤ ਸੀ ਤੇ ਸਾਲ 2016 ‘ਚ ਸ. ਗੁਰਚਰਨ ਸਿੰਘ ਸਿਆਲ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ 420, 465, 466, ਅਤੇ 468 ਹੇਠ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਅਦਾਲਤ ਨੇ ਕੇਸ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਸੁਣਾਏ ਆਪਣੇ ਫੈਸਲੇ ‘ਚ ਕਿਹਾ ਹੈ ਕਿ ਇਸਤਗਾਸਾ ਪੱਖ ਸ. ਗੁਰਚਰਨ ਸਿੰਘ ਸਿਆਲ ਦੁਆਰਾ ਡਾਇਰੈਕਟਰ ਵਜੋਂ ਦਸਤਖਤ ਕੀਤੇ ਗਏ ਵਕਾਲਤਨਾਮੇ ਵਿੱਚ ਜਾਅਲਸਾਜ਼ੀ, ਧੋਖਾਧੜੀ ਦੇ ਸ਼ੁਰੂਆਤੀ ਇਰਾਦੇ ਅਤੇ ਸ਼ਿਕਾਇਤਕਰਤਾ ਨੂੰ ਕੋਈ ਵਿੱਤੀ ਨੁਕਸਾਨ ਪਹੁੰਚਾਉਣ ਵਰਗੇ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ । ਇਸੇ ਤਰ੍ਹਾਂ ਸ਼ਿਕਾਇਤਕਰਤਾ ਨੇ ਜਿਰਹਾ ਦੌਰਾਨ ਮੰਨਿਆ ਕਿ ਉਹ ਨਾ ਤਾਂ ਕੰਪਨੀ ਡਾਇਰੈਕਟਰ ਸੀ ਅਤੇ ਨਾ ਹੀ ਕਰਮਚਾਰੀ, ਉਸ ਕੋਲ ਮੌਜੂਦਾ ਅਪਰਾਧਿਕ ਕੇਸ ਦਾਇਰ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਅਦਾਲਤ ਨੇ ਇਹ ਵੀ ਦੇਖਿਆ ਕਿ ਸ. ਸਿਆਲ ਦੁਆਰਾ ਕੰਪਨੀ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ । ਅਦਾਲਤ ਵਲੋਂ ਆਪਣੇ ਫੈਸਲੇ ‘ਚ ਕੀਤੀ ਗਈ ਜਾਂਚ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਵੀ ਦਰਸਾਇਆ ਗਿਆ ਹੈ। ਅਦਾਲਤ ਵਲੋਂ ਇਹ ਵੀ ਪਾਇਆ ਗਿਆ ਕਿ ਐਮ. ਬੀ. ਡੀ. ਗਰੁੱਪ ਦੇ ਮੁੱਖ ਕੰਪਨੀ ਡਾਇਰੈਕਟਰਾਂ-ਸਤੀਸ਼ ਬਾਲਾ ਮਲਹੋਤਰਾ, ਸੋਨਿਕਾ ਮਲਹੋਤਰਾ ਅਤੇ ਮੋਨਿਕਾ ਮਲਹੋਤਰਾ ਨੇ ਕਦੇ ਵੀ ਪੁਲਿਸ ਸਾਹਮਣੇ ਗਵਾਹੀ ਨਹੀਂ ਦਿੱਤੀ ਨਾ ਹੀ ਉਨ੍ਹਾਂ ਦੇ ਬਿਆਨ ਸ਼ਿਕਾਇਤਕਰਤਾ ਦੇ ਨਾਲ ਜਾਂਚ ਅਧਿਕਾਰੀ ਦੁਆਰਾ ਧਾਰਾ 161 ਸੀ.ਆਰ.ਪੀ.ਸੀ. ਦੇ ਤਹਿਤ ਦਰਜ ਕੀਤੇ ਗਏ ਸਨ । ਅਦਾਲਤ ਨੇ ਆਪਣੇ ਆਦੇਸ਼ਾਂ ‘ਚ ਅੱਗੇ ਇਹ ਵੀ ਕਿਹਾ ਹੈ ਕਿ ਕੰਪਨੀ ਲਾਅ ਬੋਰਡ ਨੇ ਵੀ ਆਪਣੇ ਹੁਕਮਾਂ ‘ਚ ਸ. ਗੁਰਚਰਨ ਸਿੰਘ ਸਿਆਲ ਦਾ ਸਟੇਟਸ ਬਹਾਲ ਰੱਖਦੇ ਹੋਏ ਉਨ੍ਹਾਂ ਨੂੰ ਡਾਇਰੈਕਟਰ ਮੰਨਿਆ ਤੇ ਅਦਾਲਤੀ ਪ੍ਰਕ੍ਰਿਆ ਦੌਰਾਨ ਵੀ ਉਨ੍ਹਾਂ ਨੂੰ ਡਾਇਰੈਕਟਰ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਉਨ੍ਹਾਂ ਕੰਪਨੀ ਦੀ ਮੋਹਰ ਜਾਂ ਵਕਾਲਤਨਾਮਾ ‘ਤੇ ਦਸਤਖਤ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੇ ਗਲਤ ਅਧਿਕਾਰਤ ਤਰੀਕੇ ਦੀ ਵਰਤੋਂ ਨਹੀਂ ਕੀਤੀ। ਅਦਾਲਤ ਨੇ ਇਸ ਸਾਰੇ ਮਾਮਲੇ ‘ਚ ਸ. ਸਿਆਲ ਦੇ ਵਕੀਲ ਡੀ.ਐਸ. ਦਿਆਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਨਾ ਕੇਵਲ ਸ਼ਿਕਾਇਤਕਰਤਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ, ਸਗੋਂ ਸ. ਗੁਰਚਰਨ ਸਿੰਘ ਸਿਆਲ ਨੂੰ ਵੀ ਬਰੀ ਕਰਨ ਦੇ ਹੁਕਮ ਜਾਰੀ ਕੀਤੇ।