ਗੁਰਦਾਸਪੁਰ (ਸੰਦੀਪ ਕੁਮਾਰ) | ਕਿਸਾਨਾਂ ਦੇ ਸੰਘਰਸ਼ ‘ਚ ਤਕਰੀਬਨ ਹਰ ਕੋਈ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਦਾ ਇਕ ਦਿਲਚਸਪ ਮਾਮਲਾ ਗੁਰਦਾਸਪੁਰ ਵਿੱਚ ਸਾਹਮਣੇ ਆਇਆ।
ਇਕ ਟੀਚਰ ਆਪਣੇ ਵਿਆਹ ‘ਤੇ ਕਿਸਾਨੀ ਝੰਡਾ ਲੱਗੀ ਕਾਰ ਵਿੱਚ ਆਇਆ। ਲਾੜਾ-ਲਾੜੀ ਨੇ ਕਿਸਾਨੀ ਝੰਡੇ ਦੇ ਨਾਲ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਏ।
ਲਾੜੇ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਕਿਸਾਨ ਦਾ ਪੁੱਤਰ ਹੈ। ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਪੂਰੀ ਹਮਾਇਤ ਕਰਦਾ ਹੈ। ਇਸ ਲਈ ਅੱਜ ਉਸ ਨੇ ਆਪਣੀ ਕਾਰ ਨੂੰ ਫੁੱਲਾਂ ਨਾਲ ਸਜਾਉਣ ਦੀ ਥਾਂ ਕਿਸਾਨੀ ਝੰਡੇ ਨਾਲ ਸਜਾਇਆ ਸੀ।
ਵਿਆਹ ਸਧਾਰਨ ਤਰੀਕੇ ਨਾਲ ਗੁਰੂਦੁਆਰਾ ਸਾਹਿਬ ਵਿੱਚ ਹੋਇਆ। ਮਨਪ੍ਰੀਤ ਨੇ ਕਿਹਾ- ਅਜਿਹਾ ਕਰਕੇ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਖੇਤੀ ਉਨ੍ਹਾਂ ਲਈ ਸਭ ਕੁਝ ਹੈ। ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ।
ਵਿਆਹ ਵਿੱਚ ਸ਼ਾਮਿਲ ਲੜਕੇ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਵਿਚ ਸੰਘਰਸ਼ ਕਰ ਰਹੇ ਹਨ। ਅਸੀਂ ਵਿੱਚ ਆਪਣੇ ਪ੍ਰੋਗ੍ਰਾਮ ਵਿੱਚ ਕਿਸਾਨਾਂ ਦੀ ਹਮਾਇਤ ਕੀਤੀ ਹੈ। ਸਾਡਾ ਕਿਸਾਨਾਂ ਨੂੰ ਇਹ ਯੋਗਦਾਨ ਹੈ।